India becomes 5th largest economy: ਨਵੀਂ ਦਿੱਲੀ: ਭਾਰਤ ਹੁਣ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ । 2.94 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਨਾਲ ਭਾਰਤ ਨੇ ਸਾਲ 2019 ਵਿੱਚ ਇੰਗਲੈਂਡ ਤੇ ਫ਼ਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ । ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਪੰਜ ਸਾਲਾਂ ਵਿੱਚ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੋਇਆ ਹੈ । ਅਮਰੀਕੀ ਖੋਜ ਸੰਸਥਾਨ ‘ਵਰਲਡ ਪਾਪੂਲੇਸ਼ਨ ਰੀਵਿਊ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਆਤਮ ਨਿਰਭਰ ਬਣਨ ਦੀ ਪਹਿਲਾਂ ਦੀ ਨੀਤੀ ਤੋਂ ਭਾਰਤ ਹੁਣ ਅੱਗੇ ਵਧਦਿਆਂ ਇੱਕ ਖੁੱਲ੍ਹੇ ਬਾਜ਼ਾਰ ਵਾਲੀ ਅਰਥਵਿਵਸਥਾ ਵਜੋਂ ਵਿਕਸਿਤ ਹੋ ਰਿਹਾ ਹੈ ।
ਇਸ ਤੋਂ ਇਲਾਵਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁੱਲ ਘਰੇਲੂ ਉਤਪਾਦਨ (GDP) ਦੇ ਮਾਮਲੇ ਵਿੱਚ ਭਾਰਤ 2.94 ਲੱਖ ਕਰੋੜ ਡਾਲਰ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ । ਇਸ ਮਾਮਲੇ ਵਿੱਚ ਉਸ ਨੇ 2019 ਵਿੱਚ ਇੰਗਲੈਂਡ ਤੇ ਫ਼ਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ । ਏਜੇਂਸੀਆਂ ਅਨੁਸਾਰ ਇੰਗਲੈਂਡ ਦੀ ਅਰਥ ਵਿਵਸਥਾ ਦਾ ਆਕਾਰ 2.83 ਟ੍ਰਿਲੀਅਨ ਡਾਲਰ ਹੈ, ਜਦਕਿ ਫ਼ਰਾਂਸ ਦਾ 2.7 ਟ੍ਰਿਲੀਅਨ ਡਾਲਰ ਹੈ ।
ਖ਼ਰੀਦ ਸ਼ਕਤੀ ਸਮਾਨਤਾ (PPP) ਦੇ ਆਧਾਰ ’ਤੇ ਭਾਰਤ ਦਾ ਕੁੱਲ ਘਰੇਲੂ ਉਤਪਾਦਨ 10.51 ਟ੍ਰਿਲੀਅਨ ਡਾਲਰ ਹੈ ਤੇ ਇਹ ਜਾਪਾਨ ਤੇ ਜਰਮਨੀ ਤੋਂ ਅੱਗੇ ਹੈ । ਭਾਵੇਂ ਭਾਰਤ ਵਿੱਚ ਵੱਧ ਆਬਾਦੀ ਕਾਰਨ ਪ੍ਰਤੀ ਵਿਅਕਤੀ GDP ਸਿਰਫ਼ 2170 ਡਾਲਰ ਹੈ । ਅਮਰੀਕਾ ਵਿੱਚ ਪ੍ਰਤੀ ਵਿਅਕਤੀ GDP 62,794 ਡਾਲਰ ਹੈ ।
ਦੱਸ ਦੇਈਏ ਕਿ GDP ਦੇ ਵਾਧੇ ਦੇ ਮਾਮਲੇ ਵਿੱਚ ਭਾਰਤੀ ਅਰਥਵਿਵਸਥਾ ਦੀ ਸਥਿਤੀ ਚੰਗੀ ਨਹੀਂ ਹੈ । ਹਾਲ ਹੀ ਵਿੱਚ ਕਈ ਰੇਟਿੰਗ ਏਜੰਸੀਆਂ ਨੇ ਭਾਰਤ ਦੇ GDP ਵਿਕਾਸ ਦੇ ਅਨੁਮਾਨਾਂ ਨੂੰ ਘਟਾ ਦਿੱਤਾ ਹੈ । ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰ ਸਰਵਿਸ ਨੇ ਸਾਲ 2020 ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਵਾਧੇ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ । ਮੂਡੀਜ਼ ਨੇ ਇਸ ਅਨੁਮਾਨ ਨੂੰ 6.6 ਪ੍ਰਤੀਸ਼ਤ ਤੋਂ ਘਟਾ ਕੇ 5.4 ਪ੍ਰਤੀਸ਼ਤ ਕਰ ਦਿੱਤਾ ਹੈ । ਇਸਦੇ ਨਾਲ ਮੂਡੀਜ਼ ਨੇ ਵੀ 2021 ਵਿੱਚ ਜੀਡੀਪੀ ਵਿਕਾਸ ਦਰ ਨੂੰ 6.7% ਤੋਂ ਘਟਾਕੇ 5.8% ਕਰ ਦਿੱਤਾ ਹੈ ।