ਲੰਡਨ: ਬ੍ਰਿਟੇਨ ਨੇ ਕਿਹਾ ਹੈ ਕਿ ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਮਗਰੋਂ ਕਸ਼ਮੀਰ ’ਚ ਕਥਿਤ ਕਿਸੇ ਵੀ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਵਿਸਥਾਰਤ, ਪਾਰਦਰਸ਼ੀ ਤੇ ਨਿਰਧਾਰਤ ਸਮੇਂ ’ਚ ਜਾਂਚ ਹੋਣੀ ਚਾਹੀਦੀ ਹੈ। ਵਿਦੇਸ਼ ਸਕੱਤਰ ਡੋਮੀਨਿਕ ਰਾਬ ਗਰਮੀਆਂ ਦੀਆਂ ਛੁੱਟੀਆਂ ਮਗਰੋਂ ਹਾਊਸ ਆਫ਼ ਕਾਮਨਜ਼ ਦੇ ਪਹਿਲੇ ਸੰਸਦੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਰਾਬ ਨੇ ਕਿਹਾ ਕਿ ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ 7 ਅਗਸਤ ਨੂੰ ਹੋਈ ਗੱਲਬਾਤ ਦੌਰਾਨ ਸਾਫ਼ ਕਰ ਦਿੱਤਾ ਸੀ ਕਿ ਯੂਕੇ ਕਸ਼ਮੀਰ ਦੇ ਹਾਲਾਤ ਨੂੰ ਬੜਾ ਸੁਚੇਤ ਹੋ ਕੇ ਵਾਚ ਰਿਹਾ ਹੈ। ਉਨ੍ਹਾਂ ਕਿਹਾ, ‘ਮੈਂ ਭਾਰਤੀ ਵਿਦੇਸ਼ ਮੰਤਰੀ ਨਾਲ ਸਿਆਸੀ ਆਗੂਆਂ ਦੀ ਹਿਰਾਸਤ, ਕਸ਼ਮੀਰੀ ਅਵਾਮ ਨਾਲ ਦੁਰਵਿਹਾਰ ਤੇ ਸੰਚਾਰ ਸਾਧਨਾਂ ’ਤੇ ਆਇਦ ਪਾਬੰਦੀਆਂ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ।
ਭਾਰਤ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਆਇਦ ਪਾਬੰਦੀਆਂ ਆਰਜ਼ੀ ਹਨ। ਬਰਤਾਨਵੀ ਵਿਦੇਸ਼ ਸਕੱਤਰ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਕਸ਼ਮੀਰ ਬਾਬਤ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।