ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਨਾਲ ਗੰਭੀਰ ਰੂਪ ‘ਚ ਪੀੜਤ ਲੋਕਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ ਪਾਇਆ ਗਿਆ ਹੈ। ਇਹ ਖ਼ਤਰਾ ਸਭ ਤੋਂ ਜ਼ਿਆਦਾ 80 ਸਾਲ ਜਾਂ ਜ਼ਿਆਦਾ ਉਮਰ ਦੇ ਰੋਗੀਆਂ ‘ਚ ਦੇਖਿਆ ਜਾ ਰਿਹਾ ਹੈ। ਅਧਿਐਨ ਦੇ ਇਸ ਸਿੱਟੇ ਨਾਲ ਉਨ੍ਹਾਂ ਕੋਰੋਨਾ ਰੋਗੀਆਂ ਦੀ ਦੇਖਭਾਲ ‘ਤੇ ਜ਼ਿਆਦਾ ਧਿਆਨ ਦੇਣ ‘ਚ ਮਦਦ ਮਿਲ ਸਕਦੀ ਹੈ ਜਿਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੁੰਦੀ ਹੈ। ਦਿਲ ਦੇ ਦੌਰੇ ‘ਚ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਛੇਤੀ ਇਲਾਜ ਨਾ ਹੋਣ ‘ਤੇ ਮੌਤ ਵੀ ਹੋ ਸਕਦੀ ਹੈ।
ਬੀਐੱਮਜੇ ਮੈਗਜ਼ੀਨ ‘ਚ ਛਪੇ ਅਧਿਐਨ ਮੁਤਾਬਕ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਸਿੱਟਾ ਗੰਭੀਰ ਰੂਪ ਤੋਂ ਪੀੜਤ 18 ਸਾਲਾਂ ਤੋਂ ਜ਼ਿਆਦਾ ਉਮਰ ਦੇ 5,019 ਲੋਕਾਂ ‘ਤੇ ਕੀਤੇ ਗਏ ਇਕ ਖੋਜ ਦੇ ਆਧਾਰ ‘ਤੇ ਕੱਿਢਆ ਹੈ। ਇਨ੍ਹਾਂ ਨੂੰ ਅਮਰੀਕਾ ਦੇ 68 ਹਸਪਤਾਲਾਂ ਦੇ ਆਈਸੀਯੂ ‘ਚ ਦਾਖ਼ਲ ਕੀਤਾ ਗਿਆ ਸੀ। ਅਧਿਐਨ ਦੇ ਨਤੀਜਿਆਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਆਈਸੀਯੂ ‘ਚ ਦਾਖਲ ਕੀਤੇ ਜਾਣ ਦੇ 14 ਦਿਨਾਂ ਦੇ ਅੰਦਰ 14 ਫ਼ੀਸਦੀ ਯਾਨੀ 701 ਰੋਗੀਆਂ ਨੂੰ ਦਿਲ ਦੇ ਦੌਰੇ ਦਾ ਸਾਹਮਣਾ ਕਰਨਾ ਪਿਆ ਸੀ। ਖੋਜਕਰਤਾਵਾਂ ਨੇ ਕਿਹਾ ਕਿ ਹਸਪਤਾਲ ‘ਚ ਦਿਲ ਦੇ ਦੌਰੇ ਦਾ ਸਾਹਮਣਾ ਕਰਨ ਵਾਲੇ ਬਜ਼ੁਰਗ ਲੋਕ ਸਨ। ਗੰਭੀਰ ਰੂਪ ਤੋਂ ਪੀੜਤ ਲੋਕਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ ਆਮ ਤੌਰ ‘ਤੇ ਪਾਇਆ ਜਾ ਰਿਹਾ ਹੈ। ਅਜਿਹੇ ਲੋਕਾਂ ਦੇ ਬਚਣ ਦੀ ਸੰਭਾਵਨਾ ਘੱਟ ਦੇਖੀ ਜਾ ਰਹੀ ਹੈ। ਹਾਲਾਂਕਿ ਅਧਿਐਨ ਦੇ ਨਤੀਜਿਆਂ ਨਾਲ ਗੰਭੀਰ ਮਾਮਲਿਆਂ ‘ਚ ਇਸ ਤਰ੍ਹਾਂ ਦੇ ਖ਼ਤਰਿਆਂ ਨੂੰ ਟਾਲਣ ‘ਚ ਮਦਦ ਮਿਲ ਸਕਦੀ ਹੈ।