ਮਨੁੱਖੀ ਅਧਿਕਾਰ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਬੰਗਲਾਦੇਸ਼ ਨੇ 1,800 ਤੋਂ ਜ਼ਿਆਦਾ ਹੋਰ ਰੋਹਿੰਗਿਆ ਮੁਸਲਮਾਨਾਂ ਨੂੰ ਮੰਗਲਵਾਰ ਨੂੰ ਦੂਰਦੁਰਾਡੇ ਦੇ ਇਕ ਬੇਆਬਾਦ ਟਾਪੂ ‘ਤੇ ਪਹੁੰਚਾ ਦਿੱਤਾ। ਇਨ੍ਹਾਂ ਨੂੰ ਜਲ ਸੈਨਾ ਦੇ ਪੰਜ ਬੇੜਿਆਂ ਰਾਹੀਂ ਪਹੁੰਚਾਇਆ ਗਿਆ।
ਮਨੱੁਖੀ ਅਧਿਕਾਰ ਸਮੂਹ ਟਾਪੂ ‘ਤੇ ਰੋਹਿੰਗਿਆ ਮੁਸਲਮਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾ ਚੁੱਕੇ ਹਨ ਕਿਉਂਕਿ ਉਹ ਟਾਪੂ ਨੀਵਾਂ ਹੋਣ ਦੇ ਨਾਲ ਹੀ ਤੂਫ਼ਾਨ ਦੇ ਲਿਹਾਜ਼ ਨਾਲ ਬੇਹੱਦ ਸੰਵੇਦਨਸ਼ੀਲ ਹੈ। ਭਸਨ ਚਾਰ ਨਾਮਕ ਇਹ ਟਾਪੂ ਸਿਰਫ਼ 20 ਸਾਲ ਪਹਿਲੇ ਸਮੁੰਦਰ ਵਿਚ ਉਭਰਿਆ ਦੱਸਿਆ ਗਿਆ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਹ ਭਸਨ ਚਾਰ ਟਾਪੂ ‘ਤੇ ਲੋਕਾਂ ਨੂੰ ਵਸਾਉਣ ਦੀ ਮੁਹਿੰਮ ਵਿਚ ਸ਼ਾਮਲ ਨਹੀਂ ਹੈ। ਬੰਗਲਾਦੇਸ਼ ਸਰਕਾਰ ਇਨ੍ਹਾਂ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਕਰੇ।
ਬੰਗਲਾਦੇਸ਼ ਦੀ ਜਲ ਸੈਨਾ ਨੇ ਮੰਗਲਵਾਰ ਨੂੰ 1,804 ਰੋਹਿੰਗਿਆ ਸ਼ਰਨਾਰਥੀਆਂ ਨੂੰ ਟਾਪੂ ‘ਤੇ ਪਹੁੰਚਾਇਆ। ਇਸ ਮਹੀਨੇ ਦੇ ਸ਼ੁਰੂ ਵਿਚ ਪਹਿਲੀ ਵਾਰ 1,642 ਰੋਹਿੰਗਿਆ ਮੁਸਲਮਾਨਾਂ ਨੂੰ ਟਾਪੂ ‘ਤੇ ਵਸਾਇਆ ਗਿਆ ਸੀ। ਸਰਕਾਰ ਨੇ ਟਾਪੂ ‘ਤੇ ਇਕ ਲੱਖ ਲੋਕਾਂ ਦੇ ਰਹਿਣ ਦੀ ਵਿਵਸਥਾ ਕੀਤੀ ਹੈ ਅਤੇ ਟਾਪੂ ‘ਤੇ ਕਿਸੇ ਵੀ ਖ਼ਤਰੇ ਤੋਂ ਇਨਕਾਰ ਕੀਤਾ ਹੈ। ਵਿਦੇਸ਼ ਮੰਤਰੀ ਅਬਦੁੱਲ ਮੋਮੇਨ ਨੇ ਕਿਹਾ ਕਿ ਇਹ ਟਾਪੂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਾਲ 2017 ਵਿਚ ਮਿਆਂਮਾਰ ਵਿਚ ਫ਼ੌਜੀ ਕਾਰਵਾਈ ਕਾਰਨ ਕਰੀਬ ਸੱਤ ਲੱਖ ਰੋਹਿੰਗਿਆ ਮੁਸਲਮਾਨ ਭੱਜ ਕੇ ਬੰਗਲਾਦੇਸ਼ ਵਿਚ ਚਲੇ ਆਏ ਸਨ। ਬੰਗਲਾਦੇਸ਼ ਨੇ ਬਾਅਦ ਵਿਚ ਦੋਪੱਖੀ ਸਮਝੌਤੇ ਤਹਿਤ ਰੋਹਿੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਭੇਜਣ ਦਾ ਯਤਨ ਕੀਤਾ ਸੀ ਪ੍ਰੰਤੂ ਕਿਸੇ ਨੇ ਵੀ ਦੇਸ਼ ਵਾਪਸੀ ਦੀ ਇੱਛਾ ਨਹੀਂ ਪ੍ਰਗਟਾਈ।