ਬੰਗਲਾਦੇਸ਼ ਦੇ ਪੰਚਗੜ੍ਹ ਵਿੱਚ ਐਤਵਾਰ ਨੂੰ ਕਿਸ਼ਤੀ ਪਲਟਣ ਕਾਰਨ ਹੁਣ ਤਕ 60 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 26 ਸੀ, ਜੋ ਹੁਣ ਵਧ ਗਈ ਹੈ। ਡੇਲੀ ਸਟਾਰ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਕਿਹਾ ਕਿ ਦੀਪਾਂਕਰ ਰਾਏ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 25 ਔਰਤਾਂ ਅਤੇ 13 ਬੱਚੇ ਸ਼ਾਮਲ ਹਨ। ਇਹ ਸਾਰੇ ਲੋਕ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਮਹਾਲਿਆ (ਤਿਉਹਾਰ) ਮਨਾਉਣ ਲਈ ਬੋਦੇਸ਼ਵਰੀ ਮੰਦਰ ਜਾ ਰਹੇ ਸਨ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਐਤਵਾਰ ਦੁਪਹਿਰ ਨੂੰ ਮਾਰੀਆ ਯੂਨੀਅਨ ਦੇ ਔਲੀਆ ਘਾਟ ਤੋਂ ਕਿਸ਼ਤੀ ਪਲਟਣ ਦੀ ਸੂਚਨਾ ਮਿਲੀ। ਇਸ ਘਟਨਾ ਦੀ ਪੁਸ਼ਟੀ ਪੰਜਗੜ੍ਹ ਦੇ ਡਿਪਟੀ ਕਮਿਸ਼ਨਰ ਜ਼ਹੀਰੁਲ ਇਸਲਾਮ ਨੇ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਪਲਟਣ ਤੋਂ ਬਾਅਦ ਗੋਤਾਖ਼ੋਰਾਂ ਦੀ ਟੀਮ ਲਾਸ਼ਾਂ ਦੀ ਭਾਲ ਅਤੇ ਬਚਾਅ ਲਈ ਨਦੀ ‘ਤੇ ਖੋਜ਼ ਕਰਨ ‘ਚ ਲੱਗੀ ਹੋਈ ਸੀ। ਇਸ ਬਚਾਅ ਕਾਰਜ ਨੂੰ ਦੇਖਣ ਲਈ ਨਦੀ ਦੇ ਕੰਢੇ ਹਜ਼ਾਰਾਂ ਲੋਕ ਇਕੱਠੇ ਹੋ ਗਏ।
ਬੰਗਲਾਦੇਸ਼ ਵਿੱਚ ਓਵਰਲੋਡਿੰਗ ਕਾਰਨ ਕਿਸ਼ਤੀ ਹਾਦਸੇ ਅਕਸਰ ਹੁੰਦੇ ਰਹਿੰਦੇ ਹਨ
ਬੰਗਲਾਦੇਸ਼ ਵਿੱਚ ਸੁਰੱਖਿਆ ਮਾਪਦੰਡਾਂ ਵਿੱਚ ਢਿੱਲ ਅਤੇ ਓਵਰਲੋਡਿੰਗ ਕਾਰਨ ਕਿਸ਼ਤੀ ਦੁਰਘਟਨਾਵਾਂ ਆਮ ਹੋ ਗਈਆਂ ਹਨ। ਬੰਗਲਾਦੇਸ਼ ਦੋ ਪ੍ਰਮੁੱਖ ਨਦੀਆਂ, ਗੰਗਾ ਅਤੇ ਬ੍ਰਹਮਪੁੱਤਰ ਦੇ ਹੇਠਲੇ ਰਸਤੇ ‘ਤੇ ਸਥਿਤ ਹੈ। ਇਹ ਦੇਸ਼ ਕੁੱਲ 230 ਦਰਿਆਵਾਂ ਨਾਲ ਘਿਰਿਆ ਹੋਇਆ ਹੈ।
ਜਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੰਗਲਾਦੇਸ਼ ਦੀਆਂ ਲੱਖਾਂ ਛੋਟੀਆਂ ਅਤੇ ਮੱਧਮ ਆਕਾਰ ਦੀਆਂ ਕਿਸ਼ਤੀਆਂ ਵਿੱਚੋਂ 95 ਫੀਸਦੀ ਤੋਂ ਵੱਧ ਘੱਟੋ-ਘੱਟ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਹਨ। ਬੰਗਲਾਦੇਸ਼ ਦੇ ਲੱਖਾਂ ਲੋਕ ਡੈਲਟਾ ਦੇਸ਼ ਦੀ ਰਾਜਧਾਨੀ ਜਾਂ ਵੱਡੇ ਸ਼ਹਿਰਾਂ ਦੀ ਯਾਤਰਾ ਕਰਨ ਲਈ ਕਿਸ਼ਤੀਆਂ ਅਤੇ ਬੇੜੀਆਂ ‘ਤੇ ਨਿਰਭਰ ਕਰਦੇ ਹਨ।
ਪਿਛਲੇ ਸਾਲ ਵੀ ਕਿਸ਼ਤੀ ਪਲਟਣ ਕਾਰਨ ਕਈ ਲੋਕ ਮਾਰੇ ਗਏ ਸਨ
ਪਿਛਲੇ ਸਾਲ ਦਸੰਬਰ ਵਿੱਚ, ਇੱਕ ਯਾਤਰੀ ਕਿਸ਼ਤੀ ਦੇ ਇੱਕ ਮਾਲਵਾਹਕ ਜਹਾਜ਼ ਨਾਲ ਟਕਰਾਉਣ ਅਤੇ ਡੁੱਬਣ ਨਾਲ ਲਗਭਗ 37 ਲੋਕ ਡੁੱਬ ਗਏ ਸਨ। ਇਸ ਦੇ ਨਾਲ ਹੀ, ਪਿਛਲੇ ਸਾਲ ਨਵੰਬਰ ਵਿੱਚ, ਦੇਸ਼ ਦੇ ਦੱਖਣ ਵਿੱਚ ਭੋਲਾ ਟਾਪੂ ਨੇੜੇ ਇੱਕ ਓਵਰਲੋਡ ਟ੍ਰਿਪਲ-ਡੇਕਰ ਕਿਸ਼ਤੀ ਦੇ ਪਲਟਣ ਨਾਲ ਘੱਟੋ-ਘੱਟ 85 ਲੋਕ ਡੁੱਬ ਗਏ ਸਨ। ਇੱਕ ਹਫ਼ਤੇ ਬਾਅਦ ਇੱਕ ਹੋਰ ਕਿਸ਼ਤੀ ਡੁੱਬ ਗਈ, ਜਿਸ ਵਿੱਚ 46 ਲੋਕ ਮਾਰੇ ਗਏ। ਇਸ ਸਾਲ ਹੁਣ ਤੱਕ ਬੰਗਲਾਦੇਸ਼ ਵਿੱਚ ਕਈ ਛੋਟੀਆਂ ਕਿਸ਼ਤੀ ਹਾਦਸਿਆਂ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।