ਨਵੀਂ ਦਿੱਲੀ : ਹਵਾਈ ਜਹਾਜ਼ਾਂ ’ਚ ਬੰਬ ਦੀ ਝੂਠੀ ਧਮਕੀ ਦੇਣਾ ਹੁਣ ਮਹਿੰਗਾ ਪਵੇਗਾ। ਅਜਿਹੇ ਲੋਕਾਂ ’ਤੇ ਸਜ਼ਾ ਦੇ ਤੌਰ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਹਵਾਈ ਜਹਾਜ਼ ’ਚ ਦਾਖ਼ਲੇ ਤੋਂ ਰੋਕਿਆ ਵੀ ਜਾ ਸਕਦਾ ਹੈ। ਏਅਰਲਾਈਨਾਂ ਨੂੰ ਨਿਸ਼ਾਨਾ ਬਣਾ ਕੇ ਹਾਲੀਆ ਦਿੱਤੀਆਂ ਗਈਆਂ ਬੰਬ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਹਵਾਈ ਜਹਾਜ਼ ਸੁਰੱਖਿਆ ਨਿਯਮਾਂ ’ਚ ਸੋਧ ਕੀਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਈ ਜਹਾਜ਼ (ਸੁਰੱਖਿਆ) ਨਿਯਮ 2023 ’ਚ ਸੋਧ ਕਰਦੇ ਹੋਏ ਦੋ ਨਵੇਂ ਨਿਯਮ 29ਏ ਤੇ 30ਏ ਪੇਸ਼ ਕੀਤੇ ਹਨ। ਸੋਧੇ ਨਿਯਮਾਂ ਦੇ ਤਹਿਤ ਹੁਣ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਐੱਸਐੱਸ) ਦੇ ਡਾਇਰੈਕਟਰ ਜਨਰਲ ਨੂੰ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਹਵਾਈ ਜਹਾਜ਼ ’ਚ ਦਾਖ਼ਲ ਹੋਣ ਤੋਂ ਮਨ੍ਹਾ ਕਰਨ ਦਾ ਅਧਿਕਾਰ ਹੋਵੇਗਾ। ਡੀਜੀ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਨੂੰ ਹਵਾਈ ਜਹਾਜ਼ ਛੱਡਣ ਦਾ ਨਿਰਦੇਸ਼ ਵੀ ਦੇ ਸਕਦੇ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਕ ਅਕਤੂਬਰ ’ਚ ਏਅਰਲਾਈਨਾਂ ਨੂੰ 666 ਧਮਕੀਆਂ ਮਿਲੀਆਂ ਜਦਕਿ ਇਸ ਸਾਲ 14 ਨਵੰਬਰ ਤੱਕ ਅਜਿਹੀਆਂ ਧਮਕੀਆਂ ਦੀ ਗਿਣਤੀ 999 ਸੀ।