ਝਾਰਖੰਡ-ਇੱਕ ਹੈਰਾਨਕੁਨ ਘਟਨਾ ਵਿੱਚ ਝਾਰਖੰਡ ਦੇ ਮਧੂਪੁਰ ’ਚ ਇੱਕ ਸਰਕਾਰੀ ਮਿਡਲ ਸਕੂਲ ਦੇ ਹੈੱਡਮਾਸਟਰ ਸੰਜੇ ਦਾਸ ਦੀ ਵੀਰਵਾਰ ਨੂੰ ਇੱਕ ਬੰਬ ਹਮਲੇ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਇਹ ਹਮਲਾ ਮਧੂਪੁਰ ਪੁਲੀਸ ਸਟੇਸ਼ਨ ਦੀ ਹਦੂਦ ਅੰਦਰ ਆਉਂਦੇ ਪਿਪਰਾਸੋਲ ਵਿੱਚ ਹੋਇਆ, ਜਿਸ ਨਾਲ ਪੂਰੇ ਖੇਤਰ ਵਿੱਚ ਦਹਿਸ਼ਤ ਫੈਲ ਗਈ।
ਜਾਣਕਾਰੀ ਮੁਤਾਬਕ 52 ਸਾਲਾ ਸੰਜੇ ਦਾਸ ਮਹੂਆਦਾਬਾਰ ਪਿੰਡ ਦੇ ਮਿਡਲ ਸਕੂਲ ਵਿੱਚ ਤਾਇਨਾਤ ਸੀ ਅਤੇ ਸਵੇਰੇ 8:30 ਵਜੇ ਦੇ ਕਰੀਬ ਆਪਣੀ ਬਾਇਓਮੈਟ੍ਰਿਕ ਹਾਜ਼ਰੀ ਦਰਜ ਕਰਵਾਉਣ ਲਈ ਸਕੂਲ ਦੇ ਅਹਾਤੇ ਵਿੱਚ ਪਹੁੰਚਿਆ ਸੀ।
ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਆਪਣੇ ਸਕੂਟਰ ‘ਤੇ ਜਾ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਬੰਬ ਸੁੱਟ ਕੇ ਉਸ ਦੀ ਜਾਨ ਲੈ ਲਈ। ਧਮਾਕੇ ਕਾਰਨ ਦਾਸ ਮੌਕੇ ‘ਤੇ ਹੀ ਡਿੱਗ ਪਿਆ ਅਤੇ ਉਸ ਦੀ ਫ਼ੌਰੀ ਮੌਤ ਹੋ ਗਈ।
ਧਮਾਕੇ ਨਾਲ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ‘ਤੇ ਆਏ ਸਨ ਅਤੇ ਹਮਲੇ ਪਿੱਛੋਂ ਫ਼ਰਾਰ ਹੋ ਗਏ।
ਸੂਚਨਾ ਮਿਲਣ ‘ਤੇ ਮਧੂਪੁਰ ਸਟੇਸ਼ਨ ਤੋਂ ਪੁਲੀਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮਾਂ ਤਾਇਨਾਤ ਕੀਤੀਆਂ ਗਈਆਂ।ਹਮਲਾ ਕਰ ਕੇ ਦਾਸ ਦੀ ਜਾਨ ਲੈਣ ਦਾ ਮੂਲ ਕਾਰਨ ਹਾਲੇ ਸਾਫ਼ ਨਹੀਂ ਹੋ ਸਕਿਆ, ਪਰ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਸ ਦਾ ਇੱਕ ਕਾਰਨ ਜ਼ਮੀਨ ਸਬੰਧੀ ਝਗੜਾ ਹੋ ਸਕਦਾ ਹੈ।