ਇਕ ਦੀ ਮੌਤ, 9 ਜਖਮੀ,
-ਸੜਕੀ ਆਵਾਜਾਵੀ ‘ਚ ਪਿਆ ਵਿਘਨ
-ਸਮੂਹ ਫ਼ਸਲਾਂ ਵੀ ਹੋਈਆਂ ਤਬਾਹ
ਭਗਤਾ ਭਾਈ ਕਾ :-(ਵੀਰਪਾਲ ਭਗਤਾ) ਸਥਾਨਿਕ ਇਲਾਕੇ ਦੇ ਕੁਝ ਹਿੱਸੇ ਵਿਚ ਭਾਰੀ ਤੂਫਾਨ, ਬੇਮੌਸਮੀ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ। ਤੂਫਾਨ ਦੌਰਾਨ ਇਲਾਕੇ ਵਿਚ ਹੋਈਆ ਘਟਨਾਵਾਂ ਕਾਰਨ ਇਕ ਪ੍ਰਵਾਸੀ ਮਜਦੂਰ ਦੀ ਮੌਤ ਹੋ ਗਈ ਜਦ ਕਿ 9 ਵਿਆਕਤੀ ਜਖਮੀ ਹੋ ਗਏ।
ਇਸ ਭਿਆਨਕ ਤੂਫਾਨ ਕਾਰਨ ਡੇਰਾ ਬਿਆਸ ਨਾਲ ਸੰਬੰਧਤ ਡੇਰਾ ਸਤਿਸੰਗ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਅਤੇ ਡੇਰੇ ਵਿਚਲੇ ਇਕ ਕਮਰੇ ਦੀ ਛੱਤ ਉੱਡ ਗਈ ਜਦੋਂ ਕਿ ਡੇਰੇ ਵਿੱਚ ਖੜੀਆ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋ ਗਿਆ। ਡੇਰੇ ਨੇੜਲੀ ਇਕ ਵਰਕਸਾਪ ਪੂਰੀ ਤਰਾਂ ਤਬਾਹ ਹੋ ਗਈ ਜਿਸਦਾ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਡੇਰੇ ਦੇ ਸਾਹਮਣੇ ਪੈਟਰੋਲ ਪੰਪ ਦੀਆਂ ਮਸ਼ੀਨਾਂ ਉੱਖੜ ਕੇ ਨਵੀਂ ਗੱਡੀ ਵਿੱਚ ਜਾ ਵੱਜੀਆਂ ਜਿਸ ਕਾਰਨ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ। ਹੈਰਾਨੀ ਜਨਕ ਗੱਲ ਸੀ ਕਿ ਸੜਕ ਕਿਨਾਰੇ ਲੱਗੇ ਦਰੱਖਤ ਪੁੱਟ ਕੇ ਸੜਕ ਦੇ ਦੂਜੇ ਪਾਸੇ ਸੁੱਟ ਦਿੱਤੇ। ਇਸ ਤੋਂ ਇਲਾਵਾ ਇੱਕ ਅਲਟੋ ਕਾਰ ਸੜਕ ਤੋਂ ਚੁੱਕ ਕੇ ਕਣਕ ਦੀ ਫਸਲ ਵਿੱਚ ਜਾ ਸੁੱਟੀ ਜਿਸ ਵਿੱਚੋਂ ਸਵਾਰੀਆਂ ਤੂਫਾਨ ਵੇਖ ਕੇ ਪਹਿਲਾਂ ਹੀ ਉੱਤਰ ਗਈਆਂ ਸਨ। ਪੂਰੀ ਤਰਾਂ ਤਬਾਹ ਹੋਏ ਸ਼ੈਲਰ ਵਿੱਚ ਖੜ੍ਹੀਆਂ ਮਸ਼ੀਨਾਂ ਟਰਾਲੀਆਂ ਮੂਧੀਆਂ ਕਰ ਦਿੱਤੀਆਂ।
ਜਿਕਰਯੋਗ ਹੈ ਕਿਸਾਨ ਵਰਗ ਤਾਂ ਹਾਲੇ ਪਿਛਲੇ ਸਾਲ ਹੋਈ ਗੜ੍ਹੇਮਾਰੀ ਦੇ ਨੁਕਸਾਨ ਦੀ ਪੂਰਤੀ ਨਹੀਂ ਕਰ ਸਕਿਆ ਅਤੇ ਹੁਣ ਫਿਰ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਕੁਦਰਤ ਦੇ ਕਹਿਰ ਨੇ ਕਿਸਾਨਾਂ ਦੇ ਨਾਲ ਨਾਲ ਇਨਸਾਨੀਅਤ ਮਾਦਾ ਰੱਖਣ ਵਾਲੇ ਹਰ ਇਨਸਾਨ ਦੇ
ਸਾਹ ਸੂਤ ਲਏ ਹਨ। ਇਸ ਗੜ੍ਹੇਮਾਰੀ ਅਤੇ ਬੇਮੌਸਮੀਂ ਬਾਰਸ਼ ਨੇ ਹਰ ਫਸਲ ਨੂੰ ਬੁਰੀ ਤਰ੍ਹਾਂ ਤਬਾਹ ਕਰ ਕੇ ਰੱਖ ਦਿੱਤਾ। ਇਸੇ ਦੌਰਾਨ ਕੁਝ ਹੋਰ ਸੈਲਰਾਂ ਅਤੇ ਸਟੋਰ ਆਦਿ ਦੀਆਂ ਛੱਤਾਂ ਤੇ ਪਾਈਆਂ ਪੱਥਰ ਦੀਆਂ ਚਾਦਰਾਂ ਵੀ ਭੰਨ ਦਿੱਤੀ ਹਨ ਜਿਸ ਨਾਲ ਸ਼ੈਲਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੀ ਦਰੱਖਤਾਂ, ਜਾਨਵਰਾਂ ਅਤੇ ਪਸ਼ੂਆਂ ਤੋ ਇਲਾਵਾ ਬਾਹਰ ਖੜ੍ਹੇ ਵਹੀਕਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਜਲਾਲ ਭਗਤਾ ਭਾਈ ਰੋਡ ਤੇ ਕਾਫੀ ਗਿਣਤੀ ਵਿਚ ਟੁੱਟੇ ਦਰੱਖਤਾਂ ਕਾਰਨ ਇਕ ਵਾਰ ਰਸਤਾ ਬੰਦ ਹੋ ਗਿਆ ਪ੍ਰੰਤੂ ਲੋਕਾਂ ਦੇ ਯਤਨਾ ਸਦਕਾ ਰਸਤਾ ਚਾਲੂ ਕੀਤਾ ਗਿਆ।
ਇਸ ਤੂਫਾਨ ਦੌਰਾਨ ਕੁਝ ਸੈਲਰਾਂ ਦੀਆਂ ਲੋਹੇ ਦੀਆਂ ਟੀਨਾ ਉੱਡ ਗਈਆਂ ਜੋ ਦਰੱਖਤਾਂ ਉੱਪਰ ਟੰਗੀਆਂ ਗਈਆਂ ਅਤੇ ਕੁਝ ਦੂਰ ਦੂਰ ਖੇਤਾਂ ਵਿਚ ਜਾ ਡਿੱਗੀਆਂ। ਇਲਾਕੇ ਵਿਚ ਹੋਏ ਭਾਰੀ ਨੁਕਸਾਨ ਨੂੰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੀ ਵੱਖ ਵੱਖ ਘਟਨਾ ਸਥਾਨਾਂ ‘ਤੇ ਪਹੁੰਚੇ। ਵਿਧਾਇਕ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਪੀੜ੍ਹਤ ਲੋਕਾਂ ਨੂੰ ਹਰ ਹਾਲਤ ਵਿੱਚ ਜਲਦੀ ਹੀ ਯੋਗ ਮੁਆਵਜਾ ਦਿੱਤਾ ਜਾਵੇਗਾ।
ਇਸ ਗੜ੍ਹੇਮਾਰੀ ਨੂੰ ਲੈ ਕੇ ਸਾਬਕਾ ਵਜ਼ੀਰ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਹੋਏ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵਰਗ ਨੂੰ ਇਸ ਸਦਮੇਂ ਵਿਚੋਂ ਕੱਢਣ ਲਈ ਪੀੜਤਾਂ ਦੀ ਤਰੁੰਤ ਮੱਦਦ ਕੀਤੀ ਜਾਵੇ। ਇਸੇ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜਿਸ ਵੀ ਵਿਆਕਤੀ ਦਾ ਨੁਕਸਾਨ ਹੋਇਆ ਹੈ ਉਸਨੂੰ ਪਹਿਲ ਦੇ ਅਧਾਰ ਤੇ ਪੰਜਾਬ ਸਰਕਾਰ ਯੋਗ ਮੁਆਵਜਾ ਦੇਵੇ ਅਤੇ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ ਤੁਰੰਤ ਸਹਾਇਤਾ ਰਾਸ਼ੀ ਜਾਰੀ ਕਰੇ।