ਨਵੀਂ ਦਿੱਲੀ-ਭਾਰਤੀ ਯੂਥ ਕਾਂਗਰਸ ਨੇ ਪਿਛਲੇ ਦਿਨੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਗਦਡ (Stampede), ਜਿਸ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ ਸੀ, ਦੇ ਰੋਸ ਵਜੋਂ ਅੱਜ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਖਿਲਾਫ਼ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ।
ਯੂਥ ਕਾਂਗਰਸ ਦੇ ਕਈ ਵਰਕਰ ਦਫਤਰ ’ਚ ਇਕੱਠੇ ਹੋਏ ਅਤੇ ਇਸ ਤੋਂ ਬਾਅਦ ਉਹ ਪ੍ਰਦਰਸ਼ਨ ਲਈ ਰਾਏਸੀਨਾ ਰੋਡ ਵੱਲ ਵਧੇ ਜਿੱਥੇ ਦਿੱਲੀ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਧਰਨੇ ਦੌਰਾਨ ਯੂਥ ਕਾਂਗਰਸੀ ਵਰਕਰਾਂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਪੁਤਲਾ ਫੂਕਿਆ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।
ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿੱਬ ਨੇ ਕਿਹਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਗਦੜ ਕੋਈ ਹਾਦਸਾ ਨਹੀਂ ਸਗੋਂ ‘ਕਤਲੇਆਮ’ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਇਸ ਕਤਲੇਆਮ ਲਈ ਕੌਣ ਜ਼ਿੰਮੇਵਾਰ ਹੈ? ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਇਹ ਬਿਰਤਾਂਤ ਸਿਰਜਿਆ ਗਿਆ ਕਿ ਸਭ ਕੁਝ ਕਾਬੂ ਵਿੱਚ ਹੈ। ਜਦੋਂ ਭਗਦੜ ਵਿੱਚ ਲੋਕ ਮਰ ਰਹੇ ਸਨ ਤਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਮੌਤਾਂ ਦੀ ਗਿਣਤੀ ਨੂੰ ਲੁਕਾਉਣ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਕਿਹਾ ਕਿ ਵੈਸ਼ਨਵ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕਰਾ ਨੇ ਕਿਹਾ ਕਿ ਸਰਕਾਰ ਨੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਕੁੰਭ ਦਾ ਸੱਦਾ ਦਿੱਤਾ ਹੈ। ਅਜਿਹੇ ’ਚ ਜਦੋਂ ਲੋਕ ਕੁੰਭ ਜਾ ਰਹੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ? ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹ ਸਾਡੇ ਆਪਣੇ ਲੋਕ ਹਨ। ਉਨ੍ਹਾਂ ਦੀ ਸਮੱਸਿਆ ਇਹ ਹੈ ਕਿ ਉਹ ਹਵਾਈ ਜਹਾਜ਼ ਰਾਹੀਂ ਨਹੀਂ ਜਾ ਸਕਦੇ। 47 ਹਜ਼ਾਰ ਰੁਪਏ ਦੀ ਟਿਕਟ ਨਹੀਂ ਖਰੀਦ ਸਕਦੇ। ਪਰ ਰੇਲ ਮੰਤਰੀ ਸਿਰਫ਼ ਮਰਨ ਵਾਲਿਆਂ ਦੀ ਗਿਣਤੀ ਛੁਪਾਉਣ ਵਿੱਚ ਲੱਗੇ ਹੋਏ ਹਨ, ਜਨਤਾ ਲਈ ਕੁਝ ਨਹੀਂ ਕਰ ਰਹੇ।
ਲਾਕਰਾ ਨੇ ਮੰਗ ਕੀਤੀ ਕਿ ਰੇਲ ਮੰਤਰੀ ਨੂੰ ਇਸ ਹਾਦਸੇ ਦੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਸਰਕਾਰ ਨੂੰ ਉਨ੍ਹਾਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਰੇਲ ਮੰਤਰੀ ਦੇ ਭਰੋਸੇ ’ਤੇ ਆਮ ਭਾਰਤੀ ਨੂੰ ਨਹੀਂ ਛੱਡਿਆ ਜਾ ਸਕਦਾ।