ਇਸ ਸਮੇਂ ਪੰਜਾਬ ਦੀ ਵਾਂਗਡੋਰ ਆਪ ਦੇ ਹੱਥ ਹੈ। ਭਗਵੰਤ ਮਾਨ ਦੇ ਹੱਥ ਪੰਜਾਬ ਦੀ ਕਮਾਨ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਰਿਸ਼ਵਤਖੋਰੀ, ਨਸ਼ਿਆਂ ਨੂੰ ਖ਼ਤਮ ਕਰਨਾ, ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣਾ, ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਦਾ ਵਾਅਦਾ ਕੀਤਾ ਸੀ। 92ਵਿਧਾਇਕ ਆਪ ਦੇ ਵਿਧਾਨ ਸਭਾ’ ਚ ਪੁੱਜੇ। ਆਪ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ। ਹਾਲ ਹੀ ਵਿੱਚ ਬਠਿੰਡਾ ( ਦਿਹਾਤੀ)ਤੋ ਆਪ ਵਿਧਾਇਕ ਅਮਿਤ ਰਤਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ। ਕੁੱਝ ਦਿਨ ਪਹਿਲਾਂ ਕਾਲ ਰਿਕਾਰਡ ਵਿੱਚ ( ਲੈਣ ਦੇਣ ਸੰਬੰਧੀ) ਵਿਧਾਇਕ ਰਤਨ ਦੀ ਆਵਾਜ਼ ਬਾਰੇ ਪੁਸ਼ਟੀ ਕੀਤੀ ਗਈ ਸੀ । ਚੇਤੇ ਕਰਵਾ ਦੇਈਏ ਕਿ ਇਸ ਤੋਂ ਪਹਿਲਾਂ ਦੋ ਸਾਬਕਾ ਮੰਤਰੀਆਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮੰਤਰੀ ਮੰਡਲ ‘ਚੋ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ ਇਹ ਸਾਰੇ ਗ਼ਲਤ ਕੰਮ ਇਨ੍ਹਾਂ ਦੇ ਆਪਣੇ ਰੱਖੇ ਪੀਏ ਵੱਲੋਂ ਹੀ ਕੀਤੇ ਗਏ ਸਨ। ਵਿਧਾਇਕਾਂ ,ਮੰਤਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੀਏ ਸਾਫ਼ ਸੁਥਰੇ ਅਕਸ ਵਾਲੇ,ਪੜੇ ਲਿਖੇ ਹੀ ਰੱਖਣ। ਹਾਲਾਂਕਿ ਮਾਨ ਸਰਕਾਰ ਨੇ ਸਖ਼ਤੀ ਨਾਲ ਸਾਰੇ ਵਿਧਾਇਕਾਂ ਨੂੰ ਕਿਹਾ ਵੀ ਹੈ। ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਟੈਂਡਰ ਘੁਟਾਲਿਆਂ ਵਿੱਚ ਕਮਿਸ਼ਨ ਲੈਣ ਕਰਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਚਾਹੇ ਅੱਜਕੱਲ੍ਹ ਜਮਾਨਤ ਤੇ ਬਾਹਰ ਆ ਚੁੱਕੇ ਹਨ। ਉਸ ਹਲਕੇ ਦੇ ਲੋਕਾਂ ਨੂੰ ਕਿੰਨਾ ਚਾਅ ਹੋਣਾ ,ਜਦੋਂ ਇਹ ਕੈਬਨਿਟ ਮੰਤਰੀ ਬਣਿਆ ਹੋਣਾ। ਲੋਕਾਂ ਨੂੰ ਵਿਧਾਇਕਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਜਦੋਂ ਪਤਾ ਚਲਦਾ ਹੈ ਕਿ ਉਨ੍ਹਾਂ ਦਾ ਵਿਧਾਇਕ ਰਿਸ਼ਵਤ ਮੰਗਦਾ ਫੜਿਆ ਜਾਂਦਾ ਹੈ ਤਾਂ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ। ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਵੀ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਤੱਕ ਪਤਾ ਨਹੀ ਕਿੰਨੇ ਹੀ ਅਧਿਕਾਰੀ, ਕਲਰਕ ,ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਗਏ। ਕਈ ਸਾਬਕਾ ਮੰਤਰੀਆਂ ,ਵਿਧਾਇਕਾਂ ਨੂੰ ਭ੍ਰਿਸ਼ਟਾਚਾਰ ਹੇਠ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ । ਤਕਰੀਬਨ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਸਾਬਕਾ ਵਿਧਾਇਕਾਂ ,ਮੰਤਰੀਆਂ ਦੇ ਕੀਤੇ ਘੁਟਾਲਿਆਂ ਦੀ ਖਬਰਾਂ ਆਮ ਪੜ੍ਹ ਰਹੇ ਹਨ। ਕਈਆਂ ਨੂੰ ਹਰ ਰੋਜ਼ ਨੋਟਿਸ ਭੇਜ ਕੇ ਵਿਜੀਲੈਂਸ ਦਫਤਰ ਪੁੱਛ ਪੜਤਾਲ ਲਈ ਬੁਲਾਇਆ ਜਾ ਰਿਹਾ ਹੈ। ਵੈਸੇ ਇੱਕ ਗੱਲ ਹੈ ਅਸੀਂ ਇਥੇ ਸਥਾਈ ਥੋੜਾ ਰਹਿਣਾ ਹੈ। ਜੋ ਪ੍ਰਮਾਤਮਾ ਨੇ ਸਾਨੂੰ ਇੱਥੇ ਕੰਮ ਕਰਨ ਲਈ ਭੇਜਿਆ ਸੀ, ਉਹ ਅਸੀ ਨਹੀਂ ਕਰ ਰਹੇ ਹਾਂ ।ਪੈਸਾ ਇਕੱਠਾ ਕਰ ਰਹੇ ਹਾਂ। ਦੇਸ਼ਾਂ-ਵਿਦੇਸ਼ਾਂ ਵਿਚ ਦੋ ਨੰਬਰ ਦੇ ਪੈਸੇ ਨਾਲ ਜਾਇਦਾਦਾਂ ਬਣਾ ਰਹੇ ਹਾਂ। ਨਾਲ ਤਾਂ ਕੁਝ ਵੀ ਨਹੀਂ ਜਾਣਾ। ਕਫ਼ਨ ਨੂੰ ਜੇਬ ਨਹੀ ਹੁੰਦੀ। ਪਹਿਲਾਂ ਇਹਨਾਂ ਸਾਬਕਾ ਮੰਤਰੀਆਂ ਨੇ ਬਹੁਤ ਐਸ਼ ਕਰ ਲਈ । ਦੇਖੋ !ਸਮਾਂ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ। ਗਲਤ ਕੰਮ ਕੀਤਾ ਹੈ, ਤਾਂ ਉਹ ਭੁਗਤਣਾ ਹੀ ਪਵੇਗਾ। ਸਰਕਾਰੀ ਖ਼ਜ਼ਾਨੇ ਨੂੰ ਹੁਣ ਤਕ ਲੁੱਟਿਆ ਹੀ ਹੈ। ਭਗਵੰਤ ਮਾਨ ਜੀ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ। ਜਦੋਂ ਅਜਿਹਾ ਕੋਈ ਭ੍ਰਿਸ਼ਟ ਮੰਤਰੀ, ਵਿਧਾਇਕ ਫੜਿਆ ਜਾਂਦਾ ਹੈ ਤਾਂ ਲੋਕਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਸਰਕਾਰ ਤੇ ਲੋਕਾਂ ਦਾ ਵਿਸ਼ਵਾਸ ਹੋਰ ਵੱਧਦਾ ਹੈ। ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਹੀ ਕਰੋੜਾਂ ਦੀ ਹੈਰੋਇਨ ਫੜੀ ਹੈ। ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਹਰ ਰੋਜ਼ ਫੜਿਆ ਜਾ ਰਿਹਾ ਹੈ। ਸਰਚ ਅਪ੍ਰੇਸ਼ਨ ਚਲਾਏ ਜਾ ਰਹੇ ਹਨ ।ਸਰਕਾਰ ਦਾ ਬਹੁਤ ਸ਼ਲਾਘਾਯੋਗ ਕਦਮ ਹੈ। ਅਧਿਕਾਰੀਆਂ ਨੂੰ ਵੀ ਆਮ ਜਨਤਾ ਦੀ ਗੱਲ ਸੁਣਨੀ ਚਾਹੀਦੀ ਹੈ। ਜੇ ਕੋਈ ਕਿਸੇ ਤੋ ਵੀ ਰਿਸ਼ਵਤ ਮੰਗਦਾ ਹੈ ਤਾਂ ਸਰਕਾਰ ਦੇ ਦਿੱਤੇ ਹੋਏ ਨੰਬਰ ਤੇ ਤੁਰੰਤ ਭ੍ਰਿਸ਼ਟ ਅਧਿਕਾਰੀ ਜਾਂ ਕਰਮਚਾਰੀ ਦੀ ਤੁਰੰਤ ਸ਼ਿਕਾਇਤ ਦਰਜ ਕਰਵਾਓ। ਇਸ ਨਾਲ ਸਰਕਾਰੀ ਕੰਮ ਕਾਜ ਵਿਚ ਹੋਰ ਪਾਰਦਰਸ਼ਤਾ ਆਵੇਗੀ। ਲੋਕਾਂ ਦਾ ਸਰਕਾਰ ਤੇ ਪੱਕਾ ਵਿਸ਼ਵਾਸ਼ ਹੋਵੇਗਾ। ਸਰਕਾਰੀ ਦਫ਼ਤਰਾਂ, ਥਾਣਿਆਂ , ਸਰਕਾਰੀ ਅਦਾਰਿਆਂ, ਤਹਿਸੀਲਾਂ, ਸਪੈਸ਼ਲ ਪਟਵਾਰਖਾਨਾ ਜਿੱਥੇ ਕਈ ਪਟਵਾਰੀ ਹੁਣ ਤੱਕ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਜਾ ਰਹੇ ਹਨ, ਵਿੱਚ ਧੱਕੇ ਨਹੀਂ ਖਾਣੇ ਪੈਣਗੇ।ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਪਾਰਦਰਸ਼ਤਾ ਦੀ ਬਹੁਤ ਲੋੜ ਹੈ। ਇਹ ਬਿਮਾਰੀ ਕਈਆਂ ਦੇ ਖੂਨ ਵਿੱਚ ਰੰਮ ਚੁੱਕੀ ਹੈ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਹੀ ਇੱਕ ਜੁੱਟ ਹੋਣ ਦੀ ਲੋੜ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168