ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਆਪਸੀ ਤਕਰਾਰ ਸਿਖਰਾਂ ‘ਤੇ ਪਹੁੰਚ ਗਈ ਹੈ। ਜਿੱਥੇ ਕੇਵਲ ਸਿੰਘ ਢਿੱਲੋਂ ਕਹਿ ਰਹੇ ਹਨ ਕਿ ਉਨ੍ਹਾਂ ਦੀਆਂ ਰੈਲੀਆਂ ਵਿੱਚ ਸਵਾਲ ਪੁੱਛਣ ਵਾਲੇ ਨੌਜਵਾਨ ਨਸ਼ੇੜੀ ਹੁੰਦੇ ਹਨ ਤੇ ਭਗਵੰਤ ਮਾਨ ਵੱਲੋਂ ਭੇਜੇ ਗਏ ਹੁੰਦੇ ਹਨ, ਪਰ ਭਗਵੰਤ ਮਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੋਕ ਸਵਾਲ ਪੁੱਛ ਰਹੇ ਹਨ।
ਦਰਅਸਲ, ਕੇਵਲ ਢਿੱਲੋਂ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਸਵਾਲ ਹੁੰਦੇ ਹਨ ਤੇ ਉਹ ਹਰ ਸਵਾਲ ਦਾ ਜਵਾਬ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਸਵਾਲਾਂ ਦੇ ਬਹਾਨੇ ਹੁੱਲ੍ਹੜਬਾਜ਼ੀ ਕਰਦੇ ਹਨ ਤੇ ਇਹ ਨੌਜਵਾਨ ਭਗਵੰਤ ਮਾਨ ਵੱਲੋਂ ਸਪੌਂਸਰ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਵਾਲ ਕਰਨ ਵਾਲੇ ਨੌਜਵਾਨ ਨਸ਼ੇ ਵਿੱਚ ਹੁੰਦੇ ਹਨ।
ਢਿੱਲੋਂ ਦਾ ਕਹਿਣਾ ਹੈ ਕਿ ਮਾਨ ਬੌਖਲਾ ਗਏ ਹਨ ਤੇ ਅਜਿਹੀਆਂ ਹਰਕਤਾਂ ਕਰ ਰਹੇ ਹਨ ਪਰ ਸਾਨੂੰ ਪਰਵਾਹ ਨਹੀਂ ਲੋਕ ਸਾਡੇ ਨਾਲ ਹਨ। ਕੇਵਲ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦਾ 5,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕਰ ਚੁੱਕੀ ਹੈ ਤੇ ਸਾਢੇ ਛੇ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਉੱਧਰ, ਭਗਵੰਤ ਮਾਨ ਨੇ ਕਿਹਾ ਕਿ ਇਹ ਨੌਜਵਾਨ ਸਪੌਂਸਰ ਕੀਤੇ ਨਹੀਂ ਹੁੰਦੇ ਪਰ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੇ ਸੰਸਦੀ ਹਲਕੇ ਵਿੱਚ ਲੋਕਾਂ ਨੂੰ ਇਹੋ ਕਹਿੰਦੇ ਆਏ ਹਨ ਕਿ ਜੋ ਵੀ ਲੀਡਰ ਤੁਹਾਡੇ ਪਿੰਡ ਆਉਂਦਾ ਹੈ, ਉਸ ਤੋਂ ਸਵਾਲ ਪੁੱਛੋ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਲੋਕ ਸਵਾਲ ਕਰਨ ਲੱਗੇ ਹਨ। ਮਾਨ ਨੇ ਕਿਹਾ ਕਿ ਲੋਕ ਉਨ੍ਹਾਂ ਤੋਂ ਵੀ ਸਵਾਲ ਪੁੱਛਣਗੇ ਤੇ ਉਹ ਆਪਣਾ ਰਿਪੋਰਟ ਕਾਰਡ ਉਨ੍ਹਾਂ ਸਾਹਮਣੇ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2017 ਵਿੱਚ ਜਿਨ੍ਹਾਂ ਵਾਅਦਿਆਂ ਦੇ ਸਿਰ ‘ਤੇ ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਬਣਾਈ ਉਹ ਪੂਰੇ ਨਹੀਂ ਕੀਤੇ ਗਏ।