PreetNama
ਖਾਸ-ਖਬਰਾਂ/Important News

ਭਗਵੰਤ ਮਾਨ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ, ਪਾਕਿ ਤੋਂ ਆਏ ਫੋਨ ਨੂੰ ਐਨੇ ਸਾਲ ਛੁਪਾ ਕੇ ਕਿਉਂ ਰੱਖਿਆ?

ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਚੋਣਾ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਦੇ ਹੱਕ ’ਚ ਪਾਕਿਸਤਾਨ ਤੋਂ ਸਿਫ਼ਾਰਸ਼ ਆਉਣ ਦੇ ਕੀਤੇ ਖ਼ੁਲਾਸੇ ਬਾਰੇ ਕੈਪਟਨ ’ਤੇ ਜ਼ੋਰਦਾਰ ਹਮਲਾ ਕੀਤਾ ਹੈ। ਮਾਨ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਫ਼ੋਨ ਅਤੇ ਮੈਸੇਜ਼ ਆਏ ਸਨ ਤਾਂ ਐਨੇ ਸਾਲਾਂ ਤਕ ਕੈਪਟਨ ਨੇ ਇਸ ਗੱਲ ਨੂੰ ਕਿਉਂ ਛੁਪਾ ਕੇ ਰੱਖਿਆ? ਕੀ ਪਾਕਿਸਤਾਨ ਦੇ ਕਹਿਣ ’ਤੇ ਹੀ ਕੈਪਟਨ, ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਰਹੇ ਸਨ?

ਮਾਨ ਨੇ ਬਿਨਾਂ ਕਿਸੇ ਦਾ ਨਾਂਅ ਲਿਆ ਕੈਪਟਨ ਦੀ ਅਲੋਚਨਾ ਕੀਤੀ ਅਤੇ ਕਿਹਾ, ‘‘ਪਾਕਿਸਤਾਨ ਤਾਂ ਖ਼ੁਦ ਕੈਪਟਨ ਦੇ ਘਰ ਵਿੱਚ ਰਹਿੰਦਾ ਸੀ। ਸਿਰਫ਼ ਮੰਤਰੀ ਹੀ ਨਹੀਂ, ਸੂਬੇ ਦੇ ਡੀ.ਜੀ.ਪੀ. ਅਤੇ ਮੁੱਖ ਸਕੱਤਰ ਵੀ ਉਹ ਪਾਕਿਸਤਾਨ ਤੋਂ ਪੁੱਛ ਕੇ ਨਿਯੁਕਤ ਕਰਦੇ ਸਨ। ਪੰਜਾਬ ਦੇ ਸੀਨੀਅਰ ਅਧਿਕਾਰੀਆਂ ਤੋਂ ਕੈਪਟਨ ਆਪਣੇ ਸਿਸਵਾਂ ਫਾਰਮ ਹਾਊਸ ’ਚ ਲੱਗੇ ਸੀਤਾਫਲ ਅਤੇ ਚੀਕੂ ਦੀ ਰਖਵਾਲੀ ਕਰਵਾਉਂਦੇ ਸਨ।’’ ਮਾਨ ਨੇ ਕਿਹਾ ਕਿ ਚੋਣਾ ਸਮੇਂ ਪੰਜਾਬ ਦਾ ਮਾਹੌਲ ਖ਼ਰਾਬ ਲਈ ਕੈਪਟਨ ਪਾਕਿਸਤਾਨ ਦੇ ਨਾਂਅ ਦੀਆਂ ਗੱਲਾਂ ਕਰ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਹੁਣ ਬੋਲਣ ਲਈ ਕੁੱਝ ਬਚਿਆ ਹੀ ਨਹੀਂ ਹੈ।

ਕੈਪਟਨ ਵੱਲੋਂ ਕਾਮੇਡੀਅਨ ਕਹਿਣ ’ਤੇ ਮੁੜ ਵਾਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਜਿਸ ਨੂੰ ਕਾਮੇਡੀਅਨ ਕਹਿ ਰਹੇ ਹਨ, ਉਸ ਨੇ ਹਮੇਸ਼ਾ ਦੇਸ਼ ਦੀ ਸੰਸਦ ਵਿਚ ਪੰਜਾਬ ਦੇ ਪਾਣੀ, ਪੰਜਾਬ ਦੀ ਖੇਤੀ, ਕਿਸਾਨ, ਕੈਂਸਰ ਅਤੇ ਮਾਫ਼ੀਆ ਰਾਜ ਦੇ ਮੁੱਦੇ ਚੁੱਕੇ ਹਨ। ਪਰ ਜਦੋਂ ਕੈਪਟਨ ਸੰਸਦ ਮੈਂਬਰ ਸਨ ਤਾਂ ਉਹ ਸੰਸਦ ਵਿਚ ਜਾਂਦੇ ਹੀ ਨਹੀਂ ਸਨ। ਸੰਸਦ ਵਿੱਚ ਕੈਪਟਨ ਦੀ ਹਾਜ਼ਰੀ ਸਭ ਤੋਂ ਵੱਧ ਖ਼ਰਾਬ ਸੀ, ਉਹ ਜਨਤਾ ਦੀ ਆਵਾਜ਼ ਕੀ ਚੁੱਕਦੇ । ਮਾਨ ਦੇ ਦੋਸ਼ ਲਾਇਆ, ’’ਮੁੱਖ ਮੰਤਰੀ ਰਹਿੰਦਿਆਂ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਉਹ ਵਾਅਦੇ ਪੂਰੇ ਕਰਨ ਦੀ ਬਜਾਏ ਸਾਢੇ ਚਾਰ ਸਾਲ ਤੱਕ ਆਪਣੇ ਸਿਸਵਾਂ ਫਾਰਮ ਹਾਊਸ ਵਿੱਚ ਬੈਠੇ ਰਹੇ। ਪੰਜਾਬ ਦੇ ਲੋਕਾਂ ਨਾਲ ਜਿਹੜਾ ਵਿਸ਼ਵਾਸਘਾਤ ਕੈਪਟਨ ਨੇ ਕੀਤਾ ਹੈ, ਅੱਜ ਉਸ ਦਾ ਫਲ ਉਨ੍ਹਾਂ (ਕੈਪਟਨ) ਨੂੰ ਮਿਲ ਰਿਹਾ ਹੈ।

ਮਾਨ ਨੇ ਦਾਅਵਾ ਕੀਤਾ ਕਿ ਪਿਛਲੀ ਲੋਕ ਸਭਾ ਚੋਣਾ ਦੌਰਾਨ ਕੈਪਟਨ ਉਨ੍ਹਾਂ ਨੂੰ ਤਕੜਾ ਉਮੀਦਵਾਰ ਕਹਿੰਦੇ ਸਨ ਪਰ ਅੱਜ ਉਸ ਪ੍ਰਤੀ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਸਮਰਥਨ ਦੇਖ ਕੇ ਕੈਪਟਨ ਘਬਰਾਹਟ ਵਿੱਚ ਉਸ (ਮਾਨ) ਨੂੰ ਕਾਮੇਡੀਅਨ ਕਹਿ ਰਹੇ ਹਨ। ਨਵਜੋਤ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰਤੀ ਭੱਦੀ ਭਾਸ਼ਾ ਬੋਲਣ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਕੋਲ ਬੋਲਣ ਦੀ ਲਈ ਕੋਈ ਕੰਮ ਦੀ ਗਲ ਬਚੀ ਨਹੀਂ ਹੈ। ਇਸੇ ਲਈ ਉਹ ਲਗਾਤਾਰ ਇਸ ਤਰਾਂ ਦੇ ਘਟੀਆ ਬਿਆਨ ਦੇ ਰਹੇ ਹਨ। ਉਨ੍ਹਾਂ ਨਵਜੋਤ ਸਿੱਧੂ ਨੂੰ ਸ਼ਬਦਾਂ ਦੀ ਮਰਿਆਦਾ ਦਾ ਖ਼ਿਆਲ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਇੱਜ਼ਤ ਪਾਉਣ ਲਈ ਇੱਜ਼ਤ ਦੇਣੀ ਪੈਂਦੀ ਹੈ। ਜੇ ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਐਨੀ ਹੀ ਤਾਂਘ ਹੈ ਤਾਂ ਉਹ ਕਾਂਗਰਸ ਪਾਰਟੀ ਵੱਲੋਂ ਸਰਵੇ ਕਰਾ ਲੈਣ, ਜਿਸ ਨਾਲ ਸਿੱਧੂ ਨੂੰ ਸਚਾਈ ਦਾ ਪਤਾ ਲੱਗ ਜਾਵੇਗਾ।

Related posts

ਨਾਬਾਲਗ ਪੋਤੀ ਨਾਲ ਦਾਦੇ ਨੇ ਕੀਤਾ ਬਲਾਤਕਾਰ, ਅਦਾਲਤ ਨੇ ਸੁਣਾਈ ਕੁੱਲ 111 ਸਾਲ ਦੀ ਸਜ਼ਾ

On Punjab

ਬ੍ਰੈਂਪਟਨ ‘ਚ ਲੁੱਟਾਂ-ਖੋਹਾਂ ਦੇ ਦੋਸ਼ ਹੇਠ ਤਿੰਨ ਪੰਜਾਬੀ ਗ੍ਰਿਫ਼ਤਾਰ

On Punjab

ਚੀਨੀ ਅਖਬਾਰ ਨੇ ਕੀਤੀ ਸ਼ਾਂਤੀ ਦੀ ਗੱਲ, ਕਿਹਾ- ਭਾਰਤ ਬਾਰੇ ਚੀਨ ਦੀ ਨੀਤੀ ‘ਚ ਕੋਈ ਤਬਦੀਲੀ ਨਹੀਂ

On Punjab