ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਅਤੇ ਮੌਜਪੁਰ ਖੇਤਰਾਂ ਵਿੱਚ ਸੀਏਏ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਇਸ ਸਮੇਂ ਦੌਰਾਨ ਇੱਕ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਡੀਸੀਪੀ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸੀਏਏ ਦੇ ਹੱਕ ਅਤੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਚ ਭਾਰੀ ਪੱਥਰਬਾਜ਼ੀ ਹੋਈ। ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ, ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ। ਪੈਟਰੋਲ ਪੰਪ ‘ਤੇ ਵੀ ਅੱਗ ਲੱਗੀ ਹੋਈ ਹੈ।
ਇਸ ਦੌਰਾਨ ਭਜਨਪੁਰਾ ‘ਚ ਇੱਕ ਪ੍ਰਦਰਸ਼ਨਕਾਰੀ ਬੰਦੂਕ ਫੜੇ ਪੁਲਿਸ ਮੁਲਾਜ਼ਮ ਵੱਲ ਵਧਦਾ ਹੋਇਆ ਵੇਖਿਆ ਗਿਆ। ਉਸਨੇ ਕੁਝ ਹਵਾਈ ਫਾਈਰ ਵੀ ਕੀਤੇ। ਨੌਜਵਾਨ ਦੀ ਗੋਲੀਬਾਰੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਦੋਸ਼ੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪ੍ਰਦਰਸ਼ਨਕਾਰੀਆਂ ‘ਤੇ ਕਾਬੂ ਪਾਉਣ ਦੌਰਾਨ ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਅਮਿਤ ਸ਼ਰਮਾ ਸਮੇਤ ਵੱਖ-ਵੱਖ ਪੁਲਿਸਕਰਮੀ ਜ਼ਖ਼ਮੀ ਹੋ ਗਏ। ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਧਾਰਾ 144 ਲਾਗੂ ਕੀਤੀ ਹੈ।
9 ਮੈਟਰੋ ਸਟੇਸ਼ਨ ਬੰਦ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਹਿੰਸਾ ਦੀ ਘਟਨਾ ਦੇ ਮੱਦੇਨਜ਼ਰ ਕੁੱਲ 9 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ। ਡੀਐਮਆਰਸੀ ਦੇ ਅਨੁਸਾਰ ਜ਼ਫਰਬਾਦ, ਮੌਜਪੁਰ-ਬਾਬਰਪੁਰ, ਗੋਕਲਪੁਰੀ, ਜੌਹਰੀ ਐਨਕਲੇਵ, ਸ਼ਿਵ ਵਿਹਾਰ, ਉਦਯੋਗ ਭਵਨ, ਪਟੇਲ ਚੌਕ, ਕੇਂਦਰੀ ਸਕੱਤਰੇਤ ਅਤੇ ਜਨਪਥ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ।