ਲੁਧਿਆਣਾ ਵਿੱਚ ਭਾਦੋਂ ਦੇ ਛਰਾਟਿਆਂ ਨਾਲ ਜਿੱਥੇ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ, ਉਥੇ ਹੀ ਕਈ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਸ਼ੁਰੂ ਹੋਇਆ ਮੀਂਹ ਅੱਜ ਤੜਕੇ ਤੱਕ ਜਾਰੀ ਰਿਹਾ। ਮੌਸਮ ਵਿਭਾਗ ਅਨੁਸਾਰ ਸ਼ਹਿਰ ’ਚ 24 ਘੰਟਿਆਂ ਦੌਰਾਨ 40.4 ਐੱਮਐੱਮ ਮੀਂਹ ਪਿਆ। ਜੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਵਿੱਚ ਤਾਪਮਾਨ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਮੁਤਾਬਕ ਆਉਣ ਵਾਲੇ 24 ਘੰਟੇ ਦੌਰਾਨ ਅਜਿਹਾ ਹੀ ਮੌਸਮ ਰਹਿਣ ਦੇ ਆਸਾਰ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਇਲਾਕੇ ਸ਼ੇਰਪੁਰ, ਢੰਡਾਰੀ ਕਲਾਂ, ਗਿਆਸਪੁਰਾ, ਗਿੱਲ ਰੋਡ, ਜਨਤਾ ਨਗਰ, ਹੈਬੋਵਾਲ, ਬਾਲ ਸਿੰਘ ਨਗਰ, ਰਾਹੋਂ ਰੋਡ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਭਰਿਆ ਰਿਹਾ। ਇਸੇ ਤਰ੍ਹਾਂ ਸ਼ਹਿਰ ਦੇ ਫਿਰੋਜ਼ਪੁਰ ਗਾਂਧੀ ਮਾਰਕੀਟ ਵਿੱਚ ਅੱਜ ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਪਾਣੀ ਕਾਰਨ ਕਈ ਥਾਵਾਂ ’ਤੇ ਜਾਮ ਵਰਗੀ ਸਥਿਤੀ ਵੀ ਬਣੀ ਰਹੀ।