16.54 F
New York, US
December 22, 2024
PreetNama
ਸਿਹਤ/Health

ਭਾਂਡਿਆਂ ਦਾ ਵੀ ਹੈ ਸਿਹਤ ਨਾਲ ਸਬੰਧ

ਖਾਣਾ ਬਣਾਉਣ ਵੇਲੇ ਸਾਫ਼-ਸਫ਼ਾਈ, ਤਾਜ਼ੀ ਖ਼ੁਰਾਕ ਦੀ ਚੋਣ ਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਖ਼ੁਰਾਕ ਖਾਣੀ ਹਰ ਪਰਿਵਾਰ ਦੀ ਮੁੱਢਲੀ ਤਰਜੀਹ ਹੁੰਦੀ ਹੈ। ਹਰ ਘਰ ਦੀ ਰਸੋਈ ’ਚ ਖਾਣਾ ਪਕਾਉਣ, ਵਰਤਾਉਣ ਤੇ ਖ਼ੁਰਾਕੀ ਵਸਤਾਂ ਨੂੰ ਸੰਭਾਲਣ ਵਾਲੇ ਭਾਂਡੇ ਹੁੰਦੇ ਹਨ। ਖਾਣਾ ਬਣਾਉਣ ਲਈ ਪਤੀਲੇ, ਕੜਾਹੀਆਂ, ਪ੍ਰੈਸ਼ਰ ਕੂਕਰ, ਫਰਾਈ ਪੈਨ, ਸੌਸ ਪੈਨ, ਤਵਾ ਆਦਿ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਭਾਂਡੇ ਵੰਨ-ਸੁਵੰਨੀਆਂ ਧਾਤਾਂ ਦੇ ਬਣੇ ਹੁੰਦੇ ਹਨ। ਅਸੀਂ ਅਣਜਾਣੇ ’ਚ ਅਜਿਹੀਆਂ ਧਾਤਾਂ ਦੇ ਬਣੇ ਪਤੀਲੇ ਖਾਣਾ ਬਣਾਉਣ ਲਈ ਵਰਤਦੇ ਹਾਂ, ਜੋ ਪਰਿਵਾਰ ਦੀ ਸਿਹਤ ਲਈ ਹਾਨੀਕਾਰਕ ਤੇ ਮਾਰੂ ਹੋ ਸਕਦੇ ਹਨ। ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਜਿਸ ਭਾਂਡੇ ’ਚ ਅਸੀਂ ਆਪਣੀ ਪਸੰਦੀਦਾ ਸਬਜ਼ੀ, ਦਾਲ ਆਦਿ ਬਣਾ ਰਹੇ ਹਾਂ, ਇਹ ਕਿਸ ਧਾਤ ਤੋਂ ਬਣਿਆ ਹੋਇਆ ਹੈ ਤੇ ਇਸ ਧਾਤ ਦਾ ਸਾਡੀ ਸਿਹਤ ਉੱਪਰ ਕੀ ਅਸਰ ਹੈ। ਜੇ ਪਰਿਵਾਰਕ ਸਿਹਤ ਸਾਡੀ ਪਹਿਲ ਹੈ ਤਾਂ ਇਹ ਪਤਾ ਹੋਣਾ ਬੇਹੱਦ ਜ਼ਰੂਰੀ ਹੈ ਕਿ ਕਿਹੜੀ ਧਾਤ ਦੇ ਬਣੇ ਹੋਏ ਪਤੀਲੇ, ਕੜਾਹੀਆਂ ਗਰਮ ਹੋਣ ’ਤੇ ਪਕਾਏ ਜਾਣ ਵਾਲੇ ਖ਼ੁਰਾਕੀ ਪਦਾਰਥਾਂ ’ਤੇ ਕੀ ਅਸਰ ਕਰਦੇ ਹਨ। ਸਜਾਵਟੀ ਦਿੱਖ ਵਾਲੇ ਕੁੱਕਵੇਅਰ (ਪਕਾਉਣ ਵਾਲੇ ਭਾਂਡੇ) ਜਾਂ ਨਾਨ ਸਟਿਕ ਮਾਡਰਨ ਪਤੀਲੇ ਗਰਮ ਹੋਣ ’ਤੇ ਭੋਜਨ ’ਚ ਕੈਂਸਰ ਪੈਦਾ ਕਰਨ ਵਾਲੀਆਂ ਰਸਾਇਣਕ ਗੈਸਾਂ ਛੱਡਦੇ ਹਨ। ਪੁਰਾਣੇ ਸਮਿਆਂ ’ਚ ਮਿੱਟੀ, ਲੋਹੇ, ਪਿੱਤਲ ਤੇ ਕਾਂਸੀ ਦੇ ਭਾਂਡੇ ਵਰਤੇ ਜਾਂਦੇ ਸਨ, ਜੋ ਖ਼ੁਰਾਕੀ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੇ ਨਾਲ-ਨਾਲ ਸਿਹਤ ਲਈ ਵੀ ਸੁਰੱਖਿਅਤ ਸਨ। ਹੁਣ ਨੱਠ-ਭੱਜ ਦੀ ਜ਼ਿੰਦਗੀ ’ਚ ਇਨ੍ਹਾਂ ਭਾਂਡਿਆਂ ਦੀ ਜਗ੍ਹਾ ਮਾਡਰਨ ਛੇਤੀ ਖਾਣਾ ਪਕਾਉਣ ਵਾਲੇ ਭਾਂਡਿਆਂ ਨੇ ਲੈ ਲਈ ਹੈ, ਜੋ ਸਿਹਤ ਪੱਖੋਂ ਵਧੀਆ ਨਹੀਂ ਹਨ।

ਗਰਭਵਤੀਆਂ ਲਈ ਲਾਹੇਵੰਦ

ਲੋਹੇ ਦੇ ਭਾਂਡੇ ’ਚ ਪਕਾਉਣਾ ਪੁਰਾਤਨ ਢੰਗ ਹੈ। ਇਨ੍ਹਾਂ ਭਾਂਡਿਆਂ ’ਚ ਖਾਣਾ ਬਣਾਉਣ ਨਾਲ ਲੋਹਾ ਪਕਾਉਣ ਵਾਲੇ ਭੋਜਨ ’ਚ ਮਿਲਦਾ ਰਹਿੰਦਾ ਹੈ, ਜੋ ਗਰਭਵਤੀਆਂ ਤੇ ਪੈਦਾ ਹੋਣ ਵਾਲੇ ਬੱਚੇ ਦੀਆਂ ਲੋਹੇ ਦੀਆਂ ਖ਼ੁਰਾਕੀ ਲੋੜਾਂ ਦੀ ਪੂਰਤੀ ਕਰਦਾ ਹੈ। ਹਰ ਉਮਰ ਦੇ ਵਿਅਕਤੀਆਂ ਲਈ ਲੋਹੇ ਦੇ ਬਰਤਨਾਂ ’ਚ ਪਕਾਇਆ ਖਾਣਾ ਅਨੀਮੀਆ ਦਾ ਸ਼ਿਕਾਰ ਹੋਣ ਤੋਂ ਵੀ ਬਚਾਉਂਦਾ ਹੈ। ਇਹ ਖਾਣੇ ’ਚ ਲੋਹੇ ਦੀ ਮਾਤਰਾ ਵਧਾ ਦਿੰਦੇ ਹਨ, ਜਿਸ ਨਾਲ ਹੀਮੋਗਲੋਬਿਨ ਦਾ ਸੰਤੁਲਨ ਬਣਿਆ ਰਹਿੰਦਾ ਹੈ। ਲੋਹੇ ਦੇ ਪਤੀਲੇ ਸਿਹਤਮੰਦ ਭੋਜਨ ਪਕਾਉਣ ਲਈ ਤੇ ਖ਼ੁੁਰਾਕੀ ਤੱਤਾਂ ਨੂੰ ਸੁਰੱਖਿਅਤ ਰੱਖਣ ਲਈ ਵਧੀਆ ਹਨ।

ਕਾਂਸੀ

ਕਾਂਸੀ ਦੇ ਪਤੀਲੇ ਪਕਾਉਣ ਲਈ ਸੁਰੱਖਿਅਤ ਹਨ। ਇਨ੍ਹਾਂ ’ਚ 97 ਫ਼ੀਸਦੀ ਖ਼ੁਰਾਕੀ ਤੱਤ ਸੁਰੱਖਿਅਤ ਰਹਿੰਦੇ ਹਨ। ਕਈ ਨਵੇਂ ਰੈਸਟੋਰੈਂਟ ਵੀ ਕਾਂਸੀ ਦੇ ਭਾਂਡੇ ਭੋਜਨ ਵਰਤਵਾਉਣ ਲਈ ਵਰਤਦੇ ਹਨ। ਖੱਟਾਸ ਵਾਲੀਆਂ ਤੇ ਤੇਜ਼ਾਬੀ ਖ਼ੁਰਾਕੀ ਵਸਤਾਂ ਨਾਲ ਕਾਂਸੀ ਦੇ ਬਰਤਨ ਕਿਰਿਆ ਨਹੀਂ ਕਰਦੇ, ਇਸ ਲਈ ਖਾਣਾ ਪਕਾਉਣ ਲਈ ਕਾਂਸੀ ਸਭ ਤੋਂ ਵਧੀਆ ਧਾਤ ਹੈ। ਆਯੁਰਵੇਦ ’ਚ ਵੀ ਮਿਹਦੇ, ਹਾਜ਼ਮੇ ਨਾਲ ਸਬੰਧਤ ਬਿਮਾਰੀਆਂ ਤੇ ਇਮਿਊਨਿਟੀ ਵਧਾਉਣ ਲਈ ਕਾਂਸੀ, ਤਾਂਬੇ ਦੇ ਬਹੁਤ ਫ਼ਾਇਦੇ ਦੱਸੇ ਗਏ ਹਨ। ਇਸ ’ਚ ਸੱਤ-ਅੱਠ ਘੰਟਿਆਂ ਲਈ ਪਾਣੀ ਰੱਖ ਕੇ ਪੀਣ ਦਾ ਵੀ ਆਯੁਰਵੇਦ ਸੁਝਾਅ ਦਿੰਦਾ ਹੈ।

ਤਾਂਬਾ

ਤਾਂਬੇ ’ਚ ਭੋਜਨ ਲੰਮੇ ਸਮੇਂ ਤਕ ਗਰਮ ਰਹਿ ਸਕਦਾ ਹੈ। ਇਹ ਪੁਰਾਣੇ ਸਮਿਆਂ ਤੋਂ ਭੋਜਨ ਪਕਾਉਣ ਲਈ ਵਰਤੀ ਜਾਣ ਵਾਲੀ ਧਾਤ ਹੈ। ਇਸ ’ਚ ਲੂਣ, ਖੱਟਾਸ ਤੇ ਨਿੰਬੂ ਵਾਲੀਆਂ ਖ਼ੁਰਾਕੀ ਵਸਤਾਂ ਪਕਾਉਣੀਆਂ ਠੀਕ ਨਹੀਂ ਰਹਿੰਦੀਆਂ ਕਿਉਂ ਜੋ ਇਸ ਨਾਲ ਬਹੁਤ ਜ਼ਿਆਦਾ ਤਾਂਬਾ ਖਾਣੇ ’ਚ ਮਿਲ ਜਾਂਦਾ ਹੈ। ਇਸ ਲਈ ਪਕਾਏ ਜਾਣ ਵਾਲੇ ਭੋਜਨ ’ਚ ਲੂਣ ਬਾਅਦ ’ਚ ਪਾਉਣਾ ਚਾਹੀਦਾ ਹੈ ਤੇ ਪਕਾਉਣ ਤੋਂ ਬਾਅਦ ਦਾਲ, ਸਬਜ਼ੀ ਕੱਚ ਜਾਂ ਸਟੀਲ ਦੇ ਭਾਂਡੇ ’ਚ ਕੱਢ ਲੈਣੀ ਚਾਹੀਦੀ ਹੈ। ਤਾਂਬੇ ਦੇ ਬਣੇ ਜੱਗ ਲੱਸੀ ਜਾਂ ਸ਼ਿਕੰਜਵੀ ਲਈ ਨਹੀਂ ਵਰਤਣੇ ਚਾਹੀਦੇ।

ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਭਾਂਡਿਆਂ ਦੀ ਖ਼ਰੀਦ ਤੇ ਵਰਤੋਂ ਨਹੀਂ ਕਰਨੀ ਚਾਹੀਦੀ ਜਿਵੇਂ ਨਾਨਸਟਿਕ, ਐਲੂਮੀਨੀਅਮ, ਪਲਾਸਟਿਕ ਦੇ ਬਣੇ ਬਰਤਨ ਕਿਉਂਕਿ ਇਹ ਗਰਮ ਕਰਨ ’ਤੇ ਹਾਨੀਕਾਰਕ ਰਸਾਇਣ ਛੱਡਦੇ ਹਨ, ਜੋ ਖਾਣੇ ’ਚ ਮਿਲ ਕੇ ਭੋਜਨ ਜ਼ਹਿਰੀਲਾ ਕਰ ਦਿੰਦੇ ਹਨ ਤੇ ਮਾਰੂ ਰੋਗਾਂ ਦਾ ਕਾਰਨ ਬਣਦੇ ਹਨ।

ਨਾਨਸਟਿਕ ਪਤੀਲੇ

90 ਫ਼ੀਸਦੀ ਭਾਰਤੀ ਸ਼ਹਿਰੀ ਸੁਆਣੀਆਂ ਨਾਨਸਟਿਕ ਪਤੀਲਿਆਂ ਦੀ ਵਰਤੋਂ ਕਰਦੀਆਂ ਹਨ ਕਿਉਂਕਿ ਇਹ ਭਾਰ ’ਚ ਹੌਲੇ, ਵਰਤੋਂ ’ਚ ਸੌਖੇ ਹੁੰਦੇ ਹਨ ਤੇ ਇਨ੍ਹਾਂ ’ਚ ਤੇਲ-ਘਿਓ ਦੀ ਵੀ ਘੱਟ ਵਰਤੋਂ ਕਰਨੀ ਪੈਂਦੀ ਹੈ। ਇਨ੍ਹਾਂ ’ਤੇ ਪੌਲੀਟੈਟਰਾਫਲੋਰੋਏਥੀਲੀਨ ਜਾਂ ਟੈਫਲਾਨ ਦੀ ਪਰਤ ਚਾੜ੍ਹੀ ਹੁੰਦੀ ਹੈ। ਟੈਫਲਾਨ ’ਚ ਮਰਕਰੀ ਤੇ ਕੈਡਮੀਅਮ ਵਰਗੇ ਤੱਤ ਹੁੰਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਤੇ ਕੈਂਸਰ ਦਾ ਕਾਰਨ ਬਣਦੇ ਹਨ।

ਐਲੂਮੀਨੀਅਮ

ਹਰ ਘਰ ’ਚ ਚਾਹ ਵਾਲੇ ਪਤੀਲੇ ਤੋਂ ਲੈ ਕੇ ਦੁੱਧ ਉਬਾਲਣ ਤੇ ਸਬਜ਼ੀ ਬਣਾਉਣ ਲਈ ਇਨ੍ਹਾਂ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿਆਦਾਤਰ ਪ੍ਰੈਸ਼ਰ ਕੂਕਰ ਵੀ ਇਸੇ ਧਾਤ ਦੇ ਬਣੇ ਹੁੰਦੇ ਹਨ। ਇਹ ਥਾਇਰੋਟੌਕਸਿਕ ਧਾਤ ਦੇ ਬਣੇ ਹੁੰਦੇ ਹਨ। ਇਸ ਦੇ ਸਿਹਤ ਪੱਖ ਤੋਂ ਬਹੁਤ ਸਾਰੇ ਨੁਕਸਾਨ ਹਨ। ਇਸ ’ਚ ਪਕਾਉਣ ਤੇ ਜ਼ਿਆਦਾ ਸਮੇਂ ਤਕ ਭੋਜਨ ਪਿਆ ਰਹਿਣ ’ਤੇ ਇਹ ਧਾਤ ਤੇਜ਼ਾਬੀ ਸਬਜ਼ੀਆਂ ਨਾਲ ਕਿਰਿਆ ਕਰਦੀ ਹੈ ਤੇ ਭੋਜਨ ’ਚ ਰਲਦੀ ਰਹਿੰਦੀ ਹੈ। ਇਹ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਬਜ਼, ਅਧਰੰਗ, ਜਿਗਰ ਦੀਆਂ ਬਿਮਾਰੀਆਂ, ਦਿਮਾਗ਼ੀ ਬਿਮਾਰੀਆਂ ਆਦਿ ਦਾ ਕਾਰਨ ਬਣਦੀ ਹੈ ਤੇ ਭੋਜਨ ਨਾਲ ਰਸਾਇਣਕ ਕਿਰਿਆਵਾਂ ਇਮਿਊਨ ਸਿਸਟਮ ਨੂੰ ਵੀ ਕਮਜ਼ੋਰ ਕਰਦੀਆਂ ਹਨ। ਐਲੂਮੀਨੀਅਮ ਦੇ ਪਤੀਲਿਆਂ ’ਚ ਸਿਰਫ਼ 13 ਫ਼ੀਸਦੀ ਖ਼ੁੁਰਾਕੀ ਤੱਤ ਹੀ ਸੁਰੱਖਿਅਤ ਰਹਿੰਦੇ ਹਨ।

ਪਲਾਸਟਿਕ

ਪਾਣੀ ਦੀਆਂ ਬੋਤਲਾਂ, ਲੰਚ ਬਾਕਸ, ਕਰਾਕਰੀ ਆਦਿ ਪਲਾਸਟਿਕ ਦੀ ਵਰਤੀ ਜਾਂਦੀ ਹੈ। ਮਾਈਕ੍ਰੋਵੇਵ ਸੇਫ ਲਿਖੇ ਹੋਏ ਬਰਤਨ ਵੀ ਮਿਲਦੇ ਹਨ, ਜੋ ਅਸਲ ’ਚ ਸੁਰੱਖਿਅਤ ਨਹੀਂ ਹੁੰਦੇ। ਮਾਈਕ੍ਰੋਵੇਵ ’ਚ ਇਨ੍ਹਾਂ ਭਾਂਡਿਆਂ ਵਿਚ ਖਾਣਾ ਗਰਮ ਕਰਨ ’ਤੇ ਪਲਾਸਟਿਕ ਤੋਂ ਅਜਿਹੇ ਰਸਾਇਣ ਖਾਣੇ ’ਚ ਰਲ ਜਾਂਦੇ ਹਨ, ਜੋ ਗੁਰਦੇ ਦੀ ਪੱਥਰੀ ਦਾ ਕਾਰਨ ਬਣਦੇ ਹਨ। ਪਲਾਸਟਿਕ ਗਰਮ ਹੋਣ ’ਤੇ ਤੇਜ਼ੀ ਨਾਲ ਤੇ ਜ਼ਿਆਦਾ ਰਸਾਇਣ ਖਾਣੇ ’ਚ ਮਿਲਾ ਦਿੰਦੀ ਹੈ, ਜਿਸ ਨਾਲ ਮੋਟਾਪਾ, ਬ੍ਰੈਸਟ ਕੈਂਸਰ, ਜਿਗਰ ਦਾ ਕੈਂਸਰ ਤੇ ਆਦਮੀਆਂ ’ਚ ਸਪਰਮਜ਼ ਦੀ ਗਿਣਤੀ ਦਾ ਘਟਣਾ ਵਰਗੀਆਂ ਅਲਾਮਤਾਂ ਪੈਦਾ ਹੁੰਦੀਆਂ ਹਨ।

ਡਿਸਪੋਜ਼ੇਬਲ ਕਰੌਕਰੀ

ਅੱਜ-ਕੱਲ੍ਹ ਸਮੇਂ ਦੀ ਬੱਚਤ ਲਈ ਡਿਸਪੋਜ਼ੇਬਲ ਕਰੌਕਰੀ ਦੀ ਵਰਤੋਂ ਵੱਧ ਗਈ ਹੈ। ਚੰਗੀ ਕਿਸਮ ਦੇ ਪੇਪਰ ਤੋਂ ਬਣੀ ਡਿਸਪੋਜ਼ੇਬਲ ਕਰੌਕਰੀ ਤਾਂ ਠੀਕ ਹੁੰਦੀ ਹੈ। ਥਰਮੋਕੋਲ ਤੋਂ ਬਣੀ ਕਰੌਕਰੀ ਸਿਹਤ ਲਈ ਖ਼ਤਰਨਾਕ ਹੈ ਕਿਉਂਕਿ ਆਮ ਤੌਰ ’ਤੇ ਇਹ ਸਟਰਲਾਈਜ਼ ਨਹੀਂ ਕੀਤੀ ਹੁੰਦੀ। ਇਹ ਕਰੌਕਰੀ ਵਰਤਾਉਣ ਵਾਲੇ ਖਾਣੇ ਨੂੰ ਦੂਸ਼ਿਤ ਕਰ ਦਿੰਦੀ ਹੈ, ਜਿਸ ਨਾਲ ਬੈਕਟੀਰੀਅਲ ਇਨਫੈਕਸ਼ਨ, ਚਮੜੀ ਦੀ ਐਲਰਜੀ, ਮਿਹਦੇ ਦੀਆਂ ਸਮੱਸਿਆਵਾਂ ਆਦਿ ਹੋ ਸਕਦੀਆਂ ਹਨ।

ਪਿੱਤਲ ਦੇ ਬਰਤਨ

ਭੋਜਨ ਮਾਹਿਰਾਂ ਅਨੁਸਾਰ ਮੀਟ ਜਾਂ ਸਬਜ਼ੀਆਂ ਪਿੱਤਲ ਦੇ ਭਾਂਡੇ ’ਚ ਪਕਾਉਣ ਨਾਲ 93 ਫ਼ੀਸਦੀ ਖ਼ੁਰਾਕੀ ਤੱਤ ਸੁਰੱਖਿਅਤ ਰਹਿੰਦੇ ਹਨ। ਇਨ੍ਹਾਂ ਭਾਂਡਿਆਂ ’ਚ ਪਕਾਉਣਾ ਤੇ ਖਾਣਾ ਸਿਹਤ ਲਈ ਫ਼ਾਇਦੇਮੰਦ ਹੈ ਪਰ ਇਨ੍ਹਾਂ ’ਚ ਭੋਜਨ ਪਕਾਉਣ ਨਾਲ ਇਹ ਆਸਾਨੀ ਨਾਲ ਲੂਣ ਤੇ ਤੇਜ਼ਾਬੀ ਭੋਜਨ ਜਿਵੇਂ ਨਿੰਬੂ ਨਾਲ ਕਿਰਿਆ ਕਰਦਾ ਹੈ। ਇਸ ਲਈ ਇਨ੍ਹਾਂ ’ਚ ਤੇਜ਼ਾਬੀ ਤੇ ਲੂਣ ਵਾਲਾ ਭੋਜਨ ਨਹੀਂ ਪਕਾਉਣਾ ਚਾਹੀਦਾ ਜਾਂ ਪਕਾਉਂਦੇ ਸਮੇਂ ਲੂਣ ਨੂੰ ਆਖ਼ਰ ’ਚ ਪਾਉਣਾ ਚਾਹੀਦਾ ਹੈ। ਦਾਲ-ਸਬਜ਼ੀ ਬਣਨ ਤੋਂ ਬਾਅਦ ਸਟੀਲ ਜਾਂ ਕੱਚ ਦੇ ਭਾਂਡਿਆਂ ’ਚ ਕੱਢ ਲੈਣੀ ਚਾਹੀਦੀ ਹੈ। ਪਿੱਤਲ ਦੇ ਭਾਂਡੇ ਸਾਫ਼ ਕਰਨ ਵੇਲੇ ਮਿਹਨਤ ਬਹੁਤ ਮੰਗਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਘਟ ਗਈ ਹੈ।

ਚੀਨੀ ਮਿੱਟੀ ਦੇ ਭਾਂਡੇ

ਜਿਨ੍ਹਾਂ ਪਤੀਲਿਆਂ ਉੱਪਰ ਕੈਮੀਕਲ ਕੋਟਿੰਗ ਨਹੀਂ ਹੁੰਦੀ, ਉਹ 100 ਫ਼ੀਸਦੀ ਸੁਰੱਖਿਅਤ ਹੁੰਦੇ ਹਨ ਤੇ ਭੋਜਨ ਨਾਲ ਕਿਰਿਆ ਕਰ ਕੇ ਉਸ ਵਿਚ ਕੋਈ ਕੈਮੀਕਲ ਰਸਾਇਣ ਨਹੀਂ ਛੱਡਦੇ। ਸਿਰੈਮਿਕ ਦੇ ਗ਼ਲਤ ਭਾਂਡਿਆਂ ਦੀ ਖ਼ਰੀਦ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਭੋਜਨ ਪਕਾਉਣ ਤੇ ਖਾਣ-ਪੀਣ ਲਈ ਸਿਰੈਮਿਕ ਬਹੁਤ ਵਧੀਆ ਬਰਤਨ ਹਨ।

ਮਿੱਟੀ ਦੇ ਬਰਤਨ

ਕੁਦਰਤੀ ਮਿੱਟੀ ਤੋਂ ਬਣੇ ਹੋਏ ਕੁਦਰਤੀ ਤਰੀਕੇ ਨਾਲ ਪਕਾਏ ਹੋਏ ਭਾਂਡੇ ਸਿਹਤਮੰਦ ਕੁਕਿੰਗ ਤੇ ਖ਼ੁਰਾਕੀ ਤੱਤਾਂ ਨੂੰ ਸੁਰੱਖਿਅਤ ਰੱਖਣ ਲਈ ਸਭ ਤੋਂ ਵਧੀਆ ਹਨ ਪਰ ਇਨ੍ਹਾਂ ’ਚ ਖਾਣਾ ਬਣਾਉਣ ’ਤੇ ਜ਼ਿਆਦਾ ਸਮਾਂ ਲਗਦਾ ਹੈ। ਅੱਜ ਵੀ ਪਿੰਡਾਂ ’ਚ ਮੱਠੀ ਅੱਗ ’ਤੇ ਮਿੱਟੀ ਦੇ ਭਾਂਡਿਆਂ ’ਚ ਦਾਲਾਂ ਬਣਾਈਆਂ ਜਾਂਦੀਆਂ ਹਨ।

ਫਰਿੱਜ’ਚ ਵੀ ਰੱਖੋ ਕੱਚ ਦੀਆਂ ਬੋਤਲਾਂ

ਇਹ ਸਭ ਤੋਂ ਸੁਰੱਖਿਅਤ ਭਾਂਡੇ ਹਨ। ਗੈਸ ਦੇ ਚੁੱਲ੍ਹੇ ਉੱਪਰ ਰੱਖਣ ਵਾਲੇ ਵੀ ਕੱਚ ਦੇ ਪਤੀਲੇ ਪਕਾਉਣ ਲਈ ਵਰਤੇ ਜਾਂਦੇ ਹਨ। ਮਹਿੰਗੇ ਹੋਣ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਵੇਲੇ ਵੀ ਖ਼ਾਸ ਧਿਆਨ ਦੀ ਲੋੜ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਟੁੱਟਣ ਦਾ ਡਰ ਰਹਿੰਦਾ ਹੈ। ਜ਼ਿਆਦਾਤਰ ਇਹ ਮਾਈਕ੍ਰੋਵੇਵ ਕੁਕਿੰਗ, ਭੋਜਨ ਵਰਤਾਉਣ ਤੇ ਖਾਣ-ਪੀਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਖ਼ੁਰਾਕੀ ਪਦਾਰਥਾਂ ਨਾਲ ਅਕਿਰਿਆਸ਼ੀਲ ਸੁਭਾਅ ਇਨ੍ਹਾਂ ਨੂੰ ਸਿਹਤਮੰਦ ਖਾਣਾ ਪਕਾਉਣ ਦੇ ਯੋਗ ਬਣਾਉਂਦਾ ਹੈ। ਇਹ ਪੱਕ ਰਹੇ ਭੋਜਨ ਨਾਲ ਕਿਰਿਆ ਕਰ ਕੇ ਕੋਈ ਵੀ ਰਸਾਇਣ ਨਹੀਂ ਛੱਡਦੇ ਤੇ ਭੋਜਨ ਦੇ ਖ਼ੁੁਰਾਕੀ ਤੱਤਾਂ ਨੂੰ ਵੀ ਨਸ਼ਟ ਨਹੀਂ ਕਰਦੇ। ਹੋ ਸਕੇ ਤਾਂ ਫਰਿੱਜ ’ਚ ਵੀ ਕੱਚ ਦੀਆਂ ਬੋਤਲਾਂ ਵਿਚ ਪਾਣੀ ਰੱਖਣਾ ਚਾਹੀਦਾ ਹੈ।

Related posts

Benefits of Carrot Juice: ਗਾਜਰ ਦੇ ਜੂਸ ਦੇ ਹਨ ਕਈ ਫ਼ਾਇਦੇ

On Punjab

ਜਾਣੋ ਡਾਰਕ ਚਾਕਲੇਟ ਖਾਣ ਦੇ ਬੇਹੱਦ ਫਾਇਦਿਆਂ ਬਾਰੇ

On Punjab

Sunlight Benefits: ਸੂਰਜ ਦੀ ਰੌਸ਼ਨੀ ਲੈਣ ਦੇ ਇਹ 8 ਫਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ !

On Punjab