ਸਿਰਮੌਰ ਲੇਖਕ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਪੰਜਾਬ ਕਲਾ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਸਵਾਗਤੀ ਸ਼ਬਦ ਕਹਿੰਦਿਆਂ ਭਾਈ ਵੀਰ ਸਿੰਘ ਦੀ ਰਚਨਾ ਦੇ ਅਜੋਕੇ ਮਹੱਤਵ ਦੇ ਵੱਖ ਵੱਖ ਪੱਖਾਂ ਨੂੰ ਛੂਹਿਆ। ਇਸ ਸਮਾਰੋਹ ਵਿਚ ਨੌਜਵਾਨ ਗਾਇਕ ਵਿਸ਼ਾਲ ਸੈਣੀ ਨੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਦਾ ਗਾਇਨ ਕੀਤਾ।
ਭਾਈ ਵੀਰ ਸਿੰਘ ਦੀ ਰਚਨਾ ਦੇ ਗੁਰਬਾਣੀ ਦੇ ਪ੍ਰਸੰਗ ਵਿਚ ਮਹੱਤਵ ਬਾਰੇ ਡਾ ਅਮਰਦੀਪ ਕੌਰ ਨੇ ਆਪਣਾ ਮੁਖ ਭਾਸ਼ਨ ਦਿੱਤਾ। ਉਨਾਂ ਆਪਣੇ ਸੰਬੋਧਨ ਵਿਚ ਭਾਈ ਵੀਰ ਸਿੰਘ ਦੀਆਂ ਕਾਵਿ ਰਚਨਾਵਾਂ ਤੇ ਨਾਵਲ ਸਿਰਜਣਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਭਾਈ ਸਾਹਿਬ ਦੇ ਨਾਵਲਾਂ ਦੇ ਪਾਤਰਾਂ ਦੀ ਸਿਫਤ ਕਰਦਿਆਂ ਡਾ ਅਮਰਦੀਪ ਕੌਰ ਨੇ ਉਨਾਂ ਨੂੰ ਸਾਫ ਸੁਥਰਾ ਜੀਵਨ ਜਿਊਣ ਵਾਲੇ ਤੇ ਆਸ਼ਾਵਾਦੀ ਆਖਿਆ। ਉਨਾਂ ਕਿਹਾ ਕਿ ਭਾਈ ਸਾਹਿਬ ਨੇ ਕਵਿਤਾ ਵਿਚ ਵਿਚਾਰ ਦੀ ਡੂੰਘਾਈ ਲਿਆਂਦੀ, ਜੋ ਲੋਕ ਮਨਾਂ ਅੰਦਰ ਵੱਸੀ ਹੋਈ ਹੈ ਤੇ ਪਾਣੀ ਦੀ ਤਰਾਂ ਨਿਰੰਤਰ ਵਹਿੰਦੀ ਹੈ।
ਚੇਅਰਮੈਨ ਡਾ ਸੁਰਜੀਤ ਪਾਤਰ ਨੇ ਭਾਈ ਵੀਰ ਸਿੰਘ ਦੀ ਵਾਰਤਕ ਕਲਾ, ਨਾਵਲਾਂ, ਤੇ ਕਵਿਤਾਵਾਂ ਦੀ ਸਿਫਤ ਕੀਤੀ ਤੇ ਉਨਾਂ ਨੂੰ ਅਮਰ ਲੇਖਕ ਆਖਿਆ। ਡਾ ਪਾਤਰ ਨੇ ਉਨਾਂ ਦੇ 150-ਵੇਂ ਜਨਮ ਦੀ ਲੇਖਕਾਂ ਤੇ ਪਾਠਕਾਂ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਪੰਜਾਬ ਕਲਾ ਪਰਿਸ਼ਦ ਦੇ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕੀਤਾ। ਇਸ ਮੌਕੇ ਡਾ ਅਮਰਦੀਪ ਕੌਰ ਤੇ ਗਾਇਕ ਵਿਸ਼ਾਲ ਸੈਣੀ ਦਾ ਸਨਮਾਨ ਵੀ ਕੀਤਾ ਗਿਆ। ਸਮਾਰੋਹ ਵਿਚ ਕੇਵਲ ਧਾਲੀਵਾਲ, ਪ੍ਰੀਤਮ ਰੁਪਾਲ, ਹਰਜਾਪ ਔਜਲਾ,ਸੁਰਿੰਦਰ ਗਿੱਲ, ਸਵਰਨ ਲਿਲੀ, ਸੁਰਜੀਤ ਸੁਮਨ, ਜਗਦੀਪ ਸਿੱਧੂ, ਸ਼ਬਦੀਸ਼, ਅਨੀਤਾ,ਹਰਪ੍ਰੀਤ ਸਿੰਘ ਚਨੂੰ,ਅਵਤਾਰ ਭੰਵਰਾ ਸਮੇਤ ਕਈ ਹਸਤੀਆਂ ਹਾਜਰ ਸਨ।