ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨੇ ਅੱਜ ਵਿਰੋਧੀ ਧਿਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਹੋਰ ਸਾਰੀਆਂ ਪਾਰਟੀਆਂ ਵੰਸ਼ਵਾਦ ਦੀ ਰਾਜਨੀਤੀ ਤੱਕ ਹੀ ਸੀਮਿਤ ਹਨ, ਜਦਕਿ ਭਾਜਪਾ ਇੱਕਮਾਤਰ ਅਜਿਹੀ ਪਾਰਟੀ ਹੈ, ਜਿਸ ਵਿੱਚ ਸਾਧਾਰਨ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ, ਜਿਵੇਂ ਕਿ ਨਰਿੰਦਰ ਮੋਦੀ ਜੀ। ਭਾਜਪਾ ਦੀ ਆਨਲਾਈਨ ਮੈਂਬਰਸ਼ਿਪ ਮੁਹਿੰਮ ਸਬੰਧੀ ਸਮਾਰੋਹ ਵਿੱਚ ਇੱਥੇ ਨੱਢਾ ਨੇ ਕਿਹਾ ਕਿ ਭਾਜਪਾ ਵਿੱਚ ਸਾਰਿਆਂ ਨੂੰ ਬਰਾਬਰ ਅਧਿਕਾਰ ਅਤੇ ਮੌਕੇ ਪ੍ਰਾਪਤ ਹਨ।
ਨੱਢਾ ਨੇ ਕਿਹਾ, ‘ਸਾਡੀ ਪਾਰਟੀ ਵਿੱਚ ਸਾਰਿਆਂ ਨੂੰ ਬਰਾਬਰ ਅਧਿਕਾਰ ਅਤੇ ਮੌਕੇ ਪ੍ਰਾਪਤ ਹਨ। ਦੂਜੀਆਂ ਪਾਰਟੀਆਂ ਵਿੱਚ ਤੁਸੀਂ ਉਦੋਂ ਪ੍ਰਧਾਨ ਬਣ ਸਕਦੇ ਹੋ, ਜਦੋਂ ਤੁਸੀਂ ਕਿਸੇ ਖ਼ਾਸ ਪਰਿਵਾਰ, ਖ਼ਾਸ ਜਾਤੀ ਆਦਿ ਤੋਂ ਹੋ ਪਰ ਭਾਜਪਾ ਉਹ ਪਾਰਟੀ ਹੈ ਜੋ ਪੂਰੇ ਸਮਾਜ ਦੀ ਨੁਮਾਇੰਦਗੀ ਕਰਦੀ ਹੈ।’ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਬਾਰੇ ਨੱਢਾ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ, ਕੌਮੀ ਪਧਾਨ, ਸੂਬਾ ਪ੍ਰਧਾਨ, ਮੰਡਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਬੂਥ ਪ੍ਰਧਾਨ ਸਾਰਿਆਂ ਨੂੰ ਹਰੇਕ ਛੇ ਸਾਲਾਂ ਵਿੱਚ ਆਪਣੀ ਮੈਂਬਰਸ਼ਿਪ ਨਵਿਆਉਣੀ ਪੈਂਦੀ ਹੈ। ਕਿਸੇ ਹੋਰ ਪਾਰਟੀ ਵਿੱਚ ਅਜਿਹਾ ਸੰਭਵ ਨਹੀਂ ਹੈ, ਕਿਉਂਕਿ ਹੋਰ ਸਾਰੀਆਂ ਪਾਰਟੀਆਂ ਜਾਂ ਤਾਂ ਕਿਸੇ ਵਿਸ਼ੇਸ਼ ਜਾਤੀ ਜਾਂ ਕਿਸੇ ਵਿਸ਼ੇਸ਼ ਫਿਰਕੇ ਜਾਂ ਕਿਸੇ ਪਰਿਵਾਰ ਦੀਆਂ ਪਾਰਟੀਆਂ ਹਨ। ਨੱਢਾ ਨੇ ਕਿਹਾ, ‘ਭਾਜਪਾ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਪਾਰਟੀ ਹੈ। ਅਸੀਂ ਪਿੰਡ, ਗ਼ਰੀਬ, ਕਿਸਾਨ, ਦਲਿਤ, ਕਬਾਇਲੀ, ਨੌਜਵਾਨ, ਕਮਜ਼ੋਰ ਅਤੇ ਸਮਾਜ ਦੇ ਹਾਸ਼ੀਆਗਤ ਲੋਕਾਂ ਦੀ ਪਾਰਟੀ ਹਾਂ।’
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਣ ਤੱਕ ਗ਼ਰੀਬਾਂ ਲਈ ਲਗਪਗ ਚਾਰ ਕਰੋੜ ਘਰ ਬਣਾਏ ਜਾ ਚੁਕੇ ਹਨ ਜਿਨ੍ਹਾਂ ਵਿੱਚੋਂ ਲਗਪਗ 1.77 ਕਰੋੜ ਘਰ ਸਾਡੇ ਦਲਿਤ ਤੇ ਕਬਾਇਲੀ ਭਰਾਵਾਂ ਨੂੰ ਵੰਡੇ ਕੀਤੇ ਜਾ ਚੁੱਕੇ ਹਨ।’’
ਇਸ ਤੋਂ ਪਹਿਲਾਂ ਨੱਢਾ ਨੇ ਸਖ਼ਤ ਸੁਰੱਖਿਆ ਵਿਚਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ। ਦਸਤਾਰ ਸਜਾ ਕੇ ਨੱਢਾ ਨੇ ਇੱਥੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਨੱਢਾ ਨੇ ‘ਐਕਸ’ ਉੱਤੇ ਇਕ ਪੋਸਟ ਵਿੱਚ ਲਿਖਿਆ, ‘‘ਅੱਜ ਬਿਹਾਰ ਦੇ ਪਟਨਾ ਸਥਿਤ ਗੁਰਦੁਆਰਾ ਪਟਨਾ ਸਾਹਿਬ ਵਿਖੇ ਮੱਥਾ ਟੇਕਣ ਤੇ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਇਸ ਪਵਿੱਤਰ ਸਥਾਨ ’ਤੇ ਆ ਕੇ ਹਮੇਸ਼ਾ ਮੈਨੂੰ ਬੇਅੰਤ ਊਰਜਾ ਤੇ ਲੋਕਾਂ ਦੀ ਸੇਵਾ ਦੀ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਵਾਹਿਗੁਰੂ ਜੀ ਨੂੰ ਸਮੁੱਚੇ ਦੇਸ਼ ਵਾਸੀਆਂ ਦੇ ਸੁੱਖ, ਖੁਸ਼ਹਾਲੀ ਤੇ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ।’’