PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਭਾਜਪਾ ਤੇ ਕਾਂਗਰਸ ਨੂੰ ਪੰਜਾਬੀ ਆਗੂਆਂ ਦੀ ਘਾਟ ਰੜਕਣ ਲੱਗੀ

ਨਵੀਂ ਦਿੱਲੀ-ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਹਫਤੇ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਦਿੱਲੀ ਦੇ ਵੋਟਰਾਂ ਦੀ ਵਸੋਂ ਮੁਤਾਬਿਕ ਆਗੂਆਂ ਨੂੰ ਚੋਣ ਪ੍ਰਚਾਰ ਵਿੱਚ ਲਾਇਆ ਜਾ ਰਿਹਾ ਹੈ। ਦਿੱਲੀ ਵਿੱਚ ਦਰਜਨ ਭਰ ਸੀਟਾਂ ਉੱਪਰ ਪੰਜਾਬੀ ਵੋਟਰ ਪ੍ਰਭਾਵਸ਼ਾਲੀ ਹਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਵੋਟਾਂ ਵਾਲੇ ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ। ਉਨ੍ਹਾਂ ਦੇ ਹਾਸਰਸ ਭਰੇ ਭਾਸ਼ਣ ਸਰੋਤਿਆਂ ਨੂੰ ਬੰਨ੍ਹ ਕੇ ਰੱਖਦੇ ਹਨ।

ਦੂਜੇ ਪਾਸੇ ਵਿਰੋਧੀ ਧਿਰਾਂ ਭਾਜਪਾ ਅਤੇ ਕਾਂਗਰਸ ਕੋਲ ਭਗਵੰਤ ਮਾਨ ਦੇ ਕੱਦ-ਬੁੱਤ ਦੇ ਬਰਾਬਰ ਕੋਈ ਪੰਜਾਬੀ ਆਗੂ ਨਾ ਹੋਣ ਕਰਕੇ ਦੋਨਾਂ ਪਾਰਟੀਆਂ ਨੂੰ ਪੰਜਾਬੀ ਆਗੂਆਂ ਦੀ ਘਾਟ ਰੜਕਣ ਲੱਗੀ ਹੈ।

ਭਾਜਪਾ ਵੱਲੋਂ ਕਿਸੇ ਵੱਡੇ ਪੰਜਾਬੀ ਆਗੂ ਵੱਲੋਂ ਦਿੱਲੀ ਵਿੱਚ ਪ੍ਰਚਾਰ ਨਹੀਂ ਕੀਤਾ ਜਾ ਰਿਹਾ। ਇਥੋਂ ਤੱਕ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਬਹੁਤਾ ਅਸਰਦਾਰ ਸਾਬਤ ਨਹੀਂ ਹੋ ਰਹੇ। ਭਾਜਪਾ ਵਾਲੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ’ਚ ਉਤਾਰਦੇ ਹੁੰਦੇ ਸਨ। ਪਰ ਉਹ ਕਾਂਗਰਸ ਵਿੱਚ ਜਾ ਚੁੱਕੇ ਹਨ, ਹਾਲਾਂਕਿ ਕਾਂਗਰਸ ਵੱਲੋਂ ਵੀ ਨਵਜੋਤ ਸਿੱਧੂ ਨੂੰ ਦਿੱਲੀ ਦੇ ਚੋਣ ਪ੍ਰਚਾਰ ‘ਚ ਕਿਤੇ ਡਿਊਟੀ ਨਹੀਂ ਦਿੱਤੀ ਗਈ।

ਭਾਜਪਾ ਕੋਲ ਦਿੱਲੀ ਵਿੱਚ ਵੀ ਕੋਈ ਵੱਡਾ ਪੰਜਾਬੀ ਸਿਆਸੀ ਆਗੂ ਫਿਲਹਾਲ ਨਹੀਂ ਹੈ, ਜਿਸ ਕਰਕੇ ਭਾਜਪਾ ਨੂੰ ਪੰਜਾਬੀ ਹਲਕਿਆਂ ਵਿੱਚ ਖਾਸ ਕਰਕੇ ਸਿੱਖ ਹਲਕਿਆਂ ਵਿੱਚ ਵੱਡੇ ਪੰਜਾਬੀ ਪ੍ਰਚਾਰਕ ਦੀ ਲੋੜ ਦਰਕਾਰ ਹੈ।

ਭਾਜਪਾ ਦੇ ਕੇਂਦਰੀ ਪੰਜਾਬੀ ਆਗੂ ਵੀ ਬਹੁਤੇ ਅਸਰਦਾਰ ਸਾਬਤ ਨਹੀਂ ਹੋ ਰਹੇ। ਇਸੇ ਕਰਕੇ ਹੀ ਉਨ੍ਹਾਂ ਦੀ ਕੋਈ ਬਹੁਤੀ ਭਰਵੀਂ ਡਿਊਟੀ ਕਿਸੇ ਪਾਸੇ ਨਹੀਂ ਲਾਈ ਜਾ ਰਹੀ ਹੈ। ਮਦਨ ਲਾਲ ਖੁਰਾਣਾ ਵਰਗੇ ਕੱਦਾਵਰ ਲੀਡਰ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਦਾ ਕੋਈ ਵੱਡਾ ਪੰਜਾਬੀ ਆਗੂ ਉੱਭਰ ਨਹੀਂ ਸਕਿਆ ਹੈ। ਉਂਝ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਆਗੂ ਸਿੱਖ ਹਲਕਿਆਂ ਵਿੱਚ ਭਾਜਪਾ ਉਮੀਦਵਾਰ ਅਤੇ ਉਨ੍ਹਾਂ ਦੇ ਸਾਥੀ ਰਹੇ ਮਨਜਿੰਦਰ ਸਿੰਘ ਸਿਰਸਾ ਲਈ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ।

ਇਸ ਤਰ੍ਹਾਂ ਭਾਜਪਾ ਦਾ ਦਾਰੋਮਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੈਲੀਆਂ ਉੱਪਰ ਹੀ ਹੈ।

ਉਧਰ ਕਾਂਗਰਸ ਵਿੱਚ ਵੀ ਕੋਈ ਬਹੁਤਾ ਵੱਡਾ ਆਗੂ ਪੰਜਾਬੀ ਹਲਕਿਆਂ ਵਿੱਚ ਚੋਣ ਪ੍ਰਚਾਰ ਨਹੀਂ ਕਰ ਰਿਹਾ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਦਿੱਲੀ ਵਿੱਚ ਭਗਵੰਤ ਮਾਨ ਅੱਗੇ ਊਣੀ ਜਾਪ ਰਹੀ ਹੈ। ਦਿੱਲੀ ਵਿੱਚ ਵੀ ਕਾਂਗਰਸ ਕੋਲ ਕੋਈ ਵੱਡਾ ਪੰਜਾਬੀ ਆਗੂ ਨਹੀਂ ਹੈ ਜੋ ਵੋਟਰਾਂ ਵਿੱਚ ਬਹੁਤਾ ਅਸਰ ਰੱਖਦਾ ਹੋਵੇ।

ਕਾਂਗਰਸ ਕੋਲ ਪਹਿਲਾਂ ਅਰਵਿੰਦਰ ਸਿੰਘ ਲਵਲੀ ਅਤੇ ਤਰਵਿੰਦਰ ਸਿੰਘ ਮਾਰਵਾਹ ਵਰਗੇ ਸਿੱਖ ਆਗੂ ਸਨ ਜੋ ਹੁਣ ਭਾਜਪਾ ਦੀਆਂ ਟਿਕਟਾਂ ਉੱਪਰ ਚੋਣਾਂ ਲੜ ਰਹੇ ਹਨ। ਕਾਂਗਰਸ ਵਾਲੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੋਣਾਂ ਦੌਰਾਨ ਪੰਜਾਬੀ ਹਲਕਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਉਤਾਰਦੇ ਹੁੰਦੇ ਸਨ ਪਰ ਉਹ ਵੀ ਹੁਣ ਭਾਜਪਾ ਦੀ ਵਿੱਚ ਜਾ ਚੁੱਕੇ ਹਨ, ਜਿਸ ਕਰਕੇ ਕਾਂਗਰਸ ਕੋਲ ਕੱਦਾਵਰ ਪੰਜਾਬੀ ਆਗੂ ਦਿੱਲੀ ਵਿੱਚ ਨਹੀਂ ਹੈ।

ਆਪਣਾ ਸੀਮਿਤ ਅਸਰ ਰੱਖਣ ਵਾਲੇ ਸਰਨਾ ਭਰਾ ਵੀ ਸ਼੍ਰੋਮਣੀ ਅਕਾਲੀ ਦਲ ‘ਚ ਜਾਣ ਕਰ ਕੇ ਕਾਂਗਰਸ ਤੋਂ ਦੂਰ ਹੋ ਚੁੱਕੇ ਹਨ, ਜੋ ਪਹਿਲੀਆਂ ਵਿੱਚ ਕਦੇ-ਕਦੇ ਕਾਂਗਰਸੀ ਸਟੇਜਾਂ ਉਪਰ ਦਿਖਾਈ ਦਿੰਦੇ ਹੁੰਦੇ ਸਨ।

Related posts

ਰੇਲਵੇ ਬੋਰਡ ਦਾ ਵੱਡਾ ਐਲਾਨ, ਮਾਲ ਗੱਡੀਆਂ ਚਲਾਉਣ ਦੀ ਤਿਆਰੀ

On Punjab

ਅਮਰੀਕਾ ਹੁਣ ਰੂਸ ਦੇ ਫ਼ੌਜੀ ਖ਼ਰੀਦ ਨੈੱਟਵਰਕ ‘ਤੇ ਚੁੱਕੇਗਾ ਵੱਡਾ ਕਦਮ, ਅਮਰੀਕਾ ਯੂਕਰੇਨ ਦੀ ਕਰਨਾ ਜਾਰੀ ਰੱਖੇਗਾ ਮਦਦ

On Punjab

‘ਬੰਟੋਗੇ ਤੋ ਕਟੋਗੇ…’ ਹੁਣ ਕੈਨੇਡਾ ‘ਚ ਗੂੰਜਿਆ ਨਾਅਰਾ, ਮੰਦਰ ‘ਚ ਹਮਲੇ ਤੋਂ ਬਾਅਦ ਇਕਜੁੱਟ ਹੋਏ ਹਿੰਦੂ; Watch Video PM Justin Trudeau ਨੇ ਵੀ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ। ਟਰੂਡੋ ਨੇ ਕਿਹਾ ਕਿ ਹਰੇਕ ਕੈਨੇਡੀਅਨ ਨੂੰ ਆਜ਼ਾਦੀ ਤੇ ਸੁਰੱਖਿਅਤ ਢੰਗ ਨਾਲ ਆਪਣੇ ਧਰਮ ਦਾ ਅਭਿਆਸ ਕਰਨ ਦਾ ਅਧਿਕਾਰ ਹੈ।

On Punjab