ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਉਮੀਦਾਂ ਭਰੇ ਮੂਨ ਮਿਸ਼ਨ ਲਈ 10 ਪੁਲਾੜ ਯਾਤਰੀਆਂ ਦੀ ਚੋਣ ਕੀਤਾ ਹੈ। ਇਨ੍ਹਾਂ ‘ਚ ਅਮਰੀਕੀ ਹਵਾਈ ਫ਼ੌਜ ‘ਚ ਲੈਫਟੀਨੈਂਟ ਕਰਨਲ ਤੇ ਸਪੇਸਐਕਸ ਦੇ ਪਹਿਲੇ ਫਲਾਈਟ ਸਰਜਨ ਭਾਰਤਵੰਸ਼ੀ ਅਨਿਲ ਮੈਨਨ ਵੀ ਸ਼ਾਮਲ ਹਨ।
ਮਿਨੇਸੋਟਾ ਦੇ ਮਿਨੀਪੋਲਿਸ ‘ਚ ਜਨਮੇ ਮੇਨਨ 2018 ‘ਚ ਐਲਨ ਮਸਕ ਦੀ ਪੁਲਾੜ ਕੰਪਨੀ ਸਪੇਸਐਕਸ ਦਾ ਹਿੱਸਾ ਬਣੇ ਤੇ ਡੈਮੋ-2 ਮੁਹਿੰਮ ਦੌਰਾਨ ਮਨੁੱਖ ਨੂੰ ਪੁਲਾੜ ‘ਚ ਭੇਜਣ ਦੇ ਮਿਸ਼ਨ ‘ਚ ਮਦਦ ਕੀਤੀ। ਉਨ੍ਹਾਂ ਭਵਿੱਖ ਦੀਆਂ ਮੁਹਿੰਮਾਂ ਦੌਰਾਨ ਮਨੁੱਖੀ ਪ੍ਰਣਾਲੀ ਦੀ ਮਦਦ ਕਰਨ ਵਾਲੇ ਮੈਡੀਕਲ ਸੰਗਠਨ ਦਾ ਵੀ ਨਿਰਮਾਣ ਕੀਤਾ। ਪੋਲੀਓ ਟੀਕਾਕਰਨ ਦੇ ਅਧਿਐਨ ਤੇ ਸਮਰਥਨ ਲਈ ਬਤੌਰ ਰੋਟਰੀ ਅੰਬੈਸਡਰ ਉਹ ਭਾਰਤ ‘ਚ ਇਕ ਸਾਲ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ 2014 ‘ਚ ਉਹ ਨਾਸਾ ਨਾਲ ਜੁੜੇ ਤੇ ਵੱਖ-ਵੱਖ ਮੁਹਿੰਮਾਂ ‘ਚ ਫਲਾਈਟ ਸਰਜਨ ਦੀ ਭੂਮਿਕਾ ਨਿਭਾਉਂਦੇ ਹੋਏ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਕੇਂਦਰ (ਆਈਐੱਸਐੱਸ) ਪਹੁੰਚਾਇਆ। 2010 ਦੇ ਹੈਤੀ ਤੇ 2015 ਦੇ ਨੇਪਾਲ ਭੂਚਾਲ ਤੇ 2011 ‘ਚ ਹੋਏ ਰੇਨੋ ਏਅਰ ਸ਼ੋਅ ਹਾਦਸੇ ਦੌਰਾਨ ਮੈਨਨ ਨੇ ਹੀ ਬੌਤਰ ਡਾਕਟਰ ਪਹਿਲੀ ਪ੍ਰਤੀਕਿਰਿਆ ਦਿੱਤੀ ਸੀ।ਹਵਾਈ ਫ਼ੌਜ ‘ਚ ਮੈਨਨ ਨੇ ਬਤੌਰ ਫਲਾਈਟ ਸਰਜਨ 45ਵੀਂ ਸਪੇਸ ਵਿੰਗ ਤੇ 173ਵੀਂ ਫਲਾਈਟ ਵਿੰਗ ‘ਚ ਸੇਵਾਵਾਂ ਦਿੱਤੀਆਂ। ਉਹ 100 ਤੋਂ ਵੱਧ ਉਡਾਣਾਂ ‘ਚ ਸ਼ਾਮਲ ਰਹੇ ਤੇ ਕ੍ਰਿਟੀਕਲ ਕੇਅਰ ਏਅਰ ਟਰਾਂਸਪੋਰਟ ਟੀਮ ਦਾ ਹਿੱਸਾ ਰਹਿੰਦੇ ਹੋਏ ਏਨੀ ਹੀ ਮਰੀਜ਼ਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ। ਉਹ ਜਨਵਰੀ 2022 ਤੋਂ ਪੁਲਾੜ ਯਾਤਰੀ ਦਾ ਸ਼ੁਰੂਆਤੀ ਪ੍ਰਰੀਖਣ ਸ਼ੁਰੂ ਕਰਨਗੇ ਜੋ ਦੋ ਸਾਲਾਂ ਤਕ ਜਾਰੀ ਰਹੇਗਾ। ਨਾਸਾ ਨੇ ਸੋਮਵਾਰ ਨੂੁੰ ਪੁਲਾੜ ਯਾਤਰੀਆਂ ਦੀ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ। ਇਨ੍ਹਾਂ ‘ਚ ਛੇ ਪੁਰਸ਼ ਤੇ ਚਾਰ ਅੌਰਤਾਂ ਸ਼ਾਮਲ ਹਨ। ਮਾਰਚ 2020 ‘ਚ 12000 ਯਾਤਰੀਆਂ ਨੇ ਇਸ ਲਈ ਅਪਲਾਈ ਕੀਤਾ ਸੀ। ਇਹ ਪੁਲਾੜ ਯਾਤਰੀ ਆਰਟੇਮਿਸ ਜਨਰੇਸ਼ਨ ਦਾ ਹਿੱਸਾ ਹੋਣਗੇ। ਇਹ ਨਾਮ ਨਾਸਾ ਦੇ ਆਰਟੇਮਿਸ ਪ੍ਰਰੋਗਰਾਮ ਤੋਂ ਪ੍ਰਰੇਰਿਤ ਹੈ, ਜਿਸ ਦੇ ਤਹਿਤ ਪਹਿਲੀ ਅੌਰਤ ਤੇ ਪੁਰਸ਼ ਨੂੰ 2025 ਦੀ ਸ਼ੁਰੂਆਤ ‘ਚ ਚੰਦਰਮਾ ਦੀ ਸਤ੍ਹਾ ‘ਤੇ ਭੇਜਣ ਦੀ ਯੋਜਨਾ ਹੈ। ਨਾਸਾ ਦੇ ਪ੍ਰਸ਼ਾਸਕ ਬਿੱਲ ਨੈਲਸਨ ਨੇ ਇਕ ਸਮਾਗਮ ਦੌਰਾਨ ਭਵਿੱਖ ਦੇ ਪੁਲਾੜ ਯਾਤਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ, ‘ਅਪੋਲੋ ਜਨਰੇਸ਼ਨ ਨੇ ਬਹੁਤ ਕੁਝ ਕੀਤਾ। ਹੁਣ ਇਹ ਆਰਟੇਮਿਸ ਜਨਰੇਸ਼ਨ ਹੈ।’