ਸੰਯੁਕਤ ਰਾਸ਼ਟਰ (ਯੂਐੱਨ) ਦੇ 20 ਮੈਂਬਰੀ ਉੱਚ ਪੱਧਰੀ ਸਲਾਹਕਾਰ ਬੋਰਡ (ਐਡਵਾਈਜ਼ਰੀ ਬੋਰਡ) ਵਿਚ ਭਾਰਤ ਦੀ ਅਰਥਸ਼ਾਸਤਰੀ ਜਯੰਤੀ ਘੋਸ਼ ਦਾ ਵੀ ਨਾਂ ਸ਼ਾਮਲ ਹੈ। ਇਹ ਸਲਾਹਕਾਰ ਬੋਰਡ ਕੋਰੋਨਾ ਮਹਾਮਾਰੀ ਪਿੱਛੋਂ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਿਫ਼ਾਰਸ਼ਾਂ ਦੇਵੇਗਾ।
ਜਯੰਤੀ ਘੋਸ਼ 35 ਸਾਲ ਤਕ ਜਵਾਹਰ ਲਾਲ ਯੂਨੀਵਰਸਿਟੀ ‘ਚ ਅਰਥਸ਼ਾਸਤਰ ਪੜ੍ਹਾ ਚੁੱਕੀ ਹੈ। ਇਸ ਸਮੇਂ ਉਹ ਮੈਸਾਚਿਊਸੈਟਸ ਯੂਨੀਵਰਸਿਟੀ ‘ਚ ਪ੍ਰਰੋਫੈਸਰ ਹੈ। ਅਰਥਸ਼ਾਸਤਰ ‘ਚ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਸੰਯੁਕਤ ਰਾਸ਼ਟਰ ਦੇ ਡਿਪਾਰਟਮੈਂਟ ਆਫ ਇਕਨਾਮਿਕਸ ਐਂਡ ਸੋਸ਼ਲ ਅਫੇਅਰ (ਯੂਐੱਨਡੀਈਐੱਸਏ) ਨੇ ਸਲਾਹਕਾਰ ਬੋਰਡ ਦੇ 20 ਮੈਂਬਰਾਂ ਦਾ ਐਲਾਨ ਕੀਤਾ ਹੈ। ਇਸ ਵਿਚ ਸਮਾਜਿਕ ਅਤੇ ਆਰਥਿਕ ਖੇਤਰ ਦੇ ਵਿਸ਼ਵ ਦੇ 20 ਮਾਹਿਰਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਸੰਯੁਕਤ ਰਾਸ਼ਟਰ ਦਾ ਇਹ ਉੱਚ ਪੱਧਰੀ ਸਲਾਹਕਾਰ ਬੋਰਡ ਅਗਲੇ ਦੋ ਸਾਲ ਤਕ ਅਗਵਾਈ ਅਤੇ ਵਿਚਾਰਕ ਪੱਧਰ ‘ਤੇ ਸੰਯੁਕਤ ਰਾਸ਼ਟਰ ਨੂੰ ਮਜ਼ਬੂਤੀ ਦੇਵੇਗਾ। ਇਸ ਬੋਰਡ ਦੇ ਵਿਚਾਰਾਂ ਦਾ ਪ੍ਰਭਾਵ ਸੰਯੁਕਤ ਰਾਸ਼ਟਰ ਦੀਆਂ ਬਣਨ ਵਾਲੀਆਂ ਜ਼ਿਆਦਾਤਰ ਨੀਤੀਆਂ ‘ਤੇ ਹੋਵੇਗਾ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਨੂੰ ਸਲਾਹ ਦੇਣ ਦਾ ਕੰਮ ਵੀ ਇਹ ਉੱਚ ਪੱਧਰੀ ਬੋਰਡ ਕਰੇਗਾ। ਜਯੰਤੀ ਘੋਸ਼ ਨੇ ਐੱਮਏ ਅਤੇ ਐੱਮਫਿਲ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਤੋਂ ਕੀਤੀ ਹੈ। ਬਾਅਦ ਵਿਚ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ ਹੈ।