PreetNama
ਖੇਡ-ਜਗਤ/Sports News

ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ‘ਚ ਨਿੱਤਰੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਦਿੱਤਾ ਵੱਡਾ ਬਿਆਨ

ਦੁਨੀਆ ਭਰ ‘ਚ ਵੱਸਦੇ ਸਿੱਖਾਂ ਦੀ ਬਣੇ ਸ਼ਾਨ ਭਾਰਤੀ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ (Arshdeep Singh) ਨੂੰ ਪਾਕਿਸਤਾਨ ਖ਼ਿਲਾਫ਼ ਦੁਬਈ ‘ਚ ਖੇਡੇ ਮੈਚ ਦੌਰਾਨ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ (Social Media) ’ਤੇ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰੜੇ ਹੱਥੀਂ ਲਿਆ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਅਰਸ਼ਦੀਪ ਖ਼ਿਲਾਫ ਟਿੱਪਣੀਆਂ ਕਰਨ ਵਾਲਿਆਂ ’ਤੇ ਸਖ਼ਤੀ ਨਾਲ ਨੱਥ ਪਾਉਣ ਲਈ ਆਖਿਆ ਹੈ। ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਸੌੜੀ ਮਾਨਸਿਕਤਾ ਵਾਲੇ ਲੋਕਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਮਾੜੀ ਸੋਚ ਰੱਖਣ ਵਾਲੇ ਲੋਕਾਂ ਨੇ ਹਮੇਸ਼ਾ ਕੌਮ ਤੇ ਦੇਸ਼ ਦਾ ਨੁਕਸਾਨ ਕੀਤਾ ਹੈ, ਲਿਹਾਜ਼ਾ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਕ੍ਰਿਕਟਰ ਅਰਸ਼ਦੀਪ ਸਿੰਘ ਦੀ ਹੌਂਸਲਾ ਅਫਜ਼ਾਈ ਕਰਦਿਆਂ ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸਿੱਖ ਹਾਰ ਮੰਨਣ ਵਾਲਿਆਂ ‘ਚੋਂ ਨਹੀਂ ਹਨ। ਉਨ੍ਹਾਂ ਅਰਸ਼ਦੀਪ ਨੂੰ ਮਨ ਲਗਾ ਕੇ ਖੇਡਣ ਲਈ ਕਿਹਾ।

ਜਥੇਦਾਰ ਨੇ ਕਿਹਾ ਕਿ ਅਕਾਲ ਪੁਰਖ ’ਤੇ ਭਰੋਸਾ ਰੱਖੋ ਤੇ ਪੂਰੀ ਤਨਖੇਹੀ ਨਾਲ ਖੇਡੋ…ਵਾਹਿਗੁਰੂ ਫਤਿਹ ਜ਼ਰੂਰ ਬਖ਼ਸ਼ੇਗਾ। ਕੈਚ ਛੱਡਣ ਤੋਂ ਬਾਅਦ ਕੁਝ ਲੋਕਾਂ ਨੇ ਅਰਸ਼ਦੀਪ ਨੂੰ ਟਰੋਲ ਕੀਤਾ ਸੀ। ਦੱਸਣਯੋਗ ਹੈ ਕਿ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਦੁਬਈ ‘ਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ‘ਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਗਿਆ। ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਵੱਲੋਂ ਟਵਿੱਟਰ ’ਤੇ ਅਰਸ਼ਦੀਪ ਸਿੰਘ ਨੂੰ ‘ਖ਼ਾਲਿਸਤਾਨੀ’ ਕਿਹਾ ਗਿਆ ਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿਕੀਪੀਡੀਆ ਪੇਜ ’ਤੇ ਵੀ ‘ਵੱਖਵਾਦੀ ਖ਼ਾਲਿਸਤਾਨੀ ਲਹਿਰ’ ਨਾਲ ਸਬੰਧਤ ਲਿਖ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਮੁਹਾਲੀ ਵਾਸੀ ਕ੍ਰਿਕਟਰ ਅਰਸ਼ਦੀਪ ਦੇ ਹੱਕ ‘ਚ ਨਿੱਤਰ ਆਈਆਂ। ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟਰ ਦੇ ਸਮਰਥਨ ‘ਚ ਆਵਾਜ਼ ਬੁਲੰਦ ਕੀਤੀ। ਮੀਤ ਹੇਅਰ ਨੇ ਅਰਸ਼ਦੀਪ ਦੀ ਮਾਂ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਤੇ ਭਰੋਸਾ ਦਿਵਾਇਆ ਕਿ ਪੰਜਾਬ ਤੇ ਪੂਰਾ ਦੇਸ਼ ਉਸ ਦੇ ਨਾਲ ਹੈ।

‘ਆਪ’ ਸੰਸਦ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ 23 ਸਾਲ ਦੇ ਤੇਜ਼ ਗੇਂਦਬਾਜ਼ ਦੇ ਪਿੱਛੇ ਖਡ਼੍ਹ ਗਏ ਹਨ। ਇਸਦੇ ਨਾਲ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਵਿਦੇਸ਼ੀ ਸਿੱਖ ਵੀ ਭਾਰਤੀ ਕ੍ਰਿਕਟ ਖਿਡਾਰੀ ਅਰਸ਼ਦੀਪ ਦੇ ਹੱਕ ‘ਚ ਨਿੱਤਰੇ ਹਨ।

Related posts

ਕੋਰੋਨਾ ਵਾਇਰਸ ਕਾਰਨ ਬਾਸਕਿਟਬਾਲ ਲੀਗ ਐਨਬੀਏ ‘ਤੇ ਸਪੇਨ ‘ਚ ਕੋਪਾ ਡੇਲ ਰੇਅ ਦਾ ਫਾਈਨਲ ਰੱਦ

On Punjab

Tokyo Paralympics 2020 ‘ਚ ਭਾਰਤ ਨੂੰ ਤਗੜਾ ਝਟਕਾ, ਵਿਨੋਦ ਕੁਮਾਰ ਨੇ ਗਵਾਇਆ ਬ੍ਰੌਨਜ਼ ਮੈਡਲ

On Punjab

ਏਸ਼ੀਆ ਕੱਪ 2022 ਦੀਆਂ ਸਾਰੀਆਂ ਮੁੱਖ ਟੀਮਾਂ ਹੋਈਆਂ ਫਾਈਨਲ, ਵੇਖੋ ਭਾਰਤ ਸਮੇਤ 5 ਟੀਮਾਂ ਦੇ ਖਿਡਾਰੀਆਂ ਦੀ ਪੂਰੀ ਸੂਚੀ

On Punjab