ਭਾਰਤੀ ਹਾਕੀ ਟੀਮ ਦੇ ਸਟਾਰ ਡ੍ਰੈਗ ਫਿਲਕਰ ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੁਣ ਨੌਜਵਾਨਾਂ ਨੂੰ ਮੌਕਾ ਮਿਲੇ। ਰੁਪਿੰਦਰ ਸਿੰਘ ਟੋਕੀਓ ਓਲੰਪਿਕ ’ਚ ਬ੍ਰਾਨਜ਼ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਸਾਲ 2010 ’ਚ ਟੀਮ ਇੰਡੀਆ ’ਚ ਡੈਬਿਊ ਕਰਨ ਵਾਲੇ ਰੁੁਪਿੰਦਰ ਭਾਰਤ ਦੇ ਸਭ ਤੋਂ ਕਾਮਯਾਬ ਡ੍ਰੈਗ ਫਿਲਕਰਸ ’ਚ ਸ਼ੁਮਾਰ ਹਨ।
ਰੁਪਿੰਦਰ ਨੇ ਕਰੀਬ 6 ਸਾਲ ਦੀ ਉਮਰ ’ਚ ਪੰਜਾਬ ਦੇ ਫਿਰੋਜ਼ਪੁਰ ’ਚ ਸ਼ੇਰ ਸ਼ਾਹ ਵਲੀ ਹਾਕੀ ਅਕੈਡਮੀ ’ਚ ਟ੍ਰੇਨਿੰਗ ਸ਼ੁਰੂ ਕੀਤੀ ਸੀ। ਲਗਾਤਾਰ ਸੁਧਾਰ ਕਰਦੇ ਹੋਏ ਰੁਪਿੰਦਰ ਨੇ ਆਪਣਾ ਸਫ਼ਰ ਤੈਅ ਕੀਤਾ। ਸਾਲ 2002 ’ਚ ਉਹ ਚੰਡੀਗੜ੍ਹ ਹਾਕੀ ਅਕੈਡਮੀ ਲਈ ਖੇਡਣ ਲੱਗੇ ਸੀ। ਉਹ ਸਾਲ 2010 ’ਚ ਭਾਰਤੀ ਟੀਮ ਦਾ ਹਿੱਸਾ ਬਣੇ ਤੇ ਲਗਾਤਾਰ ਟੀਮ ਲਈ ਖੇਡਦੇ ਰਹੇ। ਉਨ੍ਹਾਂ ਨੇ 2010 ’ਚ ਮੁਲਤਾਨ ਅਜਲਾਨ ਸ਼ਾਹ ਕੱਪ ਦੌਰਾਨ ਡੈਬਿਊ ਕੀਤਾ ਸੀ। ਟੀਮ ਇੰਡੀਆ ਨੂੰ ਇਸ ਟੂਰਨਾਮੈਂਟ ’ਚ ਗੋਲਡ ਮੈਡਲ ਮਿਲਿਆ ਸੀ। ਰੁਪਿੰਦਰ ਨੇ ਇਸ ਟੂਰਨਾਮੈਂਟ ’ਚ ਬ੍ਰਿਟੇਨ ਖਿਲਾਫ਼ ਆਪਣੀ ਪਹਿਲੀ ਹੈਟ੍ਰਿਕ ਲਗਾਈ ਸੀ। ਇਹ ਹੈਟ੍ਰਿਕ ਰੁਪਿੰਦਰ ਦੇ ਕਰੀਅਰ ਨੂੰ ਅੱਗੇ ਵਧਾਉਣ ’ਚ ਕਾਫੀ ਸਹਾਇਕ ਸਾਬਿਤ ਹੋਈ।