ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਲਗਭਗ ਦੋ ਸਾਲ ਬਾਅਦ ਵਿਸ਼ਵ ਕੱਪ ਵਿਚ ਵਾਪਸੀ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਜਦ ਇੱਥੇ ਸ਼ੁਰੂਆਤੀ ਗੇੜ ਵਿਚ ਅੰਕਿਤਾ ਤੇ ਦੀਪਿਕਾ ਕੁਮਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਟੀਮ ਕੁਆਲੀਫਿਕੇਸ਼ਨ ਵਿਚ ਚੋਟੀ ‘ਤੇ ਰਹੀ। ਅਤਾਨੂ ਦਾਸ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਬ੍ਰੇਡੀ ਏਲੀਸਨ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ ਜਿਸ ਨਾਲ ਮਰਦ ਟੀਮ ਤੀਜਾ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਹੀ। ਭਾਰਤ ਦੀ ਮਿਕਸਡ ਟੀਮ ਨੇ ਸਿੱਧਾ ਕੁਆਰਟਰ ਫਾਈਨਲ ਵਿਚ ਥਾਂ ਬਣਾਈ।
ਦਾਸ ਤੇ ਦੀਪਿਕਾ ਦੀ ਮਿਕਸਡ ਡਬਲਜ਼ ਜੋੜੀ ਪਿਛਲੇ ਸਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਚੁਣੌਤੀ ਪੇਸ਼ ਕਰੇਗੀ। ਦੀਪਿਕਾ ਦੇ ਨਾਲ ਪਿਛਲੀ ਵਾਰ ਏਸ਼ਿਆਈ ਚੈਂਪੀਅਨਸ਼ਿਪ ਵਿਚ ਮਿਕਸਡ ਮੁਕਾਬਲੇ ਦਾ ਕਾਂਸੇ ਦਾ ਮੈਡਲ ਜਿੱਤਣ ਵਾਲੇ ਦਾਸ ਨੇ ਕਿਹਾ ਕਿ ਮੈਨੂੰ ਮਿਕਸਡ ਟੀਮ ਮੁਕਾਬਲਾ ਕਾਫੀ ਪਸੰਦ ਹੈ। ਜੇ ਮੈਨੂੰ ਦੀਪਿਕਾ ਦੇ ਨਾਲ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਇਹ ਸ਼ਾਨਦਾਰ ਹੈ। ਅਸੀਂ ਵਿਆਹੇ ਹੋਏ ਹਾਂ ਤੇ ਫਿਰ ਅਸੀਂ ਓਲੰਪਿਕ ਵਿਚ ਖੇਡਣ ਵਾਲੀ ਪਹਿਲੀ ਵਿਆਹੁਤਾ ਜੋੜੀ ਬਣਾਂਗੇ।
ਇਹ ਸਾਨਦਾਰ ਹੈ। ਮਿਕਸਡ ਟੀਮ ਕੁਆਰਟਰ ਫਾਈਨਲ ਵਿਚ ਦਾਸ ਤੇ ਦੀਪਿਕਾ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ ਜਦਕਿ ਚੋਟੀ ਦਾ ਦਰਜਾ ਮਹਿਲਾ ਟੀਮ ਮੇਜ਼ਬਾਨ ਗੁਆਟੇਮਾਲਾ ਨਾਲ ਭਿੜੇਗੀ। ਮਰਦ ਟੀਮ ਆਖ਼ਰੀ ਅੱਠ ਵਿਚ ਸਪੇਨ ਤੇ ਗੁਆਟੇਮਾਲਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗੀ। ਭਾਰਤ ਬਰਲਿਨ ਵਿਚ ਜੁਲਾਈ 2019 ਵਿਚ ਗੇੜ ਚਾਰ ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਸਰਕਟ ਵਿਚ ਹਿੱਸਾ ਲੈ ਰਿਹਾ ਹੈ ਤੇ ਬੈਂਕਾਕ ਵਿਚ ਨਵੰਬਰ 2019 ਵਿਚ ਏਸ਼ਿਆਈ ਚੈਂਪੀਅਨਸ਼ਿਪ ਟੀਮ ਦਾ ਆਖ਼ਰੀ ਅੰਤਰਰਾਸ਼ਟਰੀ ਟੂਰਨਾਮੈਂਟ ਸੀ। ਭਾਰਤ ਨੇ ਹਾਲਾਂਕਿ ਤਦ ਵਿਸ਼ਵ ਤੀਰਅੰਦਾਜ਼ੀ ਦੇ ਝੰਡੇ ਹੇਠ ਹਿੱਸਾ ਲਿਆ ਸੀ ਕਿਉਂਕਿ ਰਾਸ਼ਟਰੀ ਮਹਾਸੰਘ ਨੂੰ ਮੁਅੱਤਲ ਕੀਤਾ ਗਿਆ ਸੀ।
ਇਹ ਟੂਰਨਾਮੈਂਟ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਦਾ ਹਿੱਸਾ ਹੈ ਜਿਸ ਦੇ ਸ਼ੁਰੂ ਹੋਣ ਵਿਚ 100 ਤੋਂ ਵੀ ਘੱਟ ਦਿਨ ਸਮਾਂ ਬਚਿਆ ਹੈ। ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਭਾਰਤੀ ਮਰਦ ਟੀਮ ਇਸ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗੀ।