Indian wrestler bajrang punia: ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗਮਾ ਜੇਤੂ ਅਤੇ ਏਸ਼ੀਅਨ ਸੋਨ ਤਗਮਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਵੀ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਅਹਿਮ ਕਦਮ ਚੁੱਕਦਿਆਂ ਆਪਣੀ 6 ਮਹੀਨੇ ਦੀ ਤਨਖਾਹ ਦਾਨ ਕੀਤੀ ਹੈ। ਬਜਰੰਗ ਪੁਨੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਬਜਰੰਗ ਪੁਨੀਆ ਆਪਣੀ 6 ਮਹੀਨਿਆਂ ਦੀ ਤਨਖਾਹ ਹਰਿਆਣਾ ਕੋਰੋਨਾ ਰਿਲੀਫ ਫੰਡ ਵਿੱਚ ਸਹਾਇਤਾ ਲਈ ਸਮਰਪਿਤ ਕਰਦਾ ਹਾਂ। ਜੈ ਹਿੰਦ ਜੈ ਭਾਰਤ।”
ਜ਼ਿਕਰਯੋਗ ਹੈ ਕਿ ਪੁਨੀਆ ਇਸ ਸਮੇਂ ਰੇਲਵੇ ਵਿੱਚ ਵਿਸ਼ੇਸ਼ ਡਿਊਟੀ ਅਫਸਰ ਵਜੋਂ ਕੰਮ ਕਰ ਰਿਹਾ ਹੈ। ਹਰਿਆਣਾ ਸਰਕਾਰ ਨੇ ਕੋਵਿਡ -19 ਨਾਲ ਲੜਨ ਲਈ ਸੋਮਵਾਰ ਨੂੰ ਕੋਵਿਡ -19 ਸੰਘਰਸ਼ ਪ੍ਰੋਗਰਾਮ ਸ਼ੁਰੂ ਕੀਤਾ ਹੈ। ਦੱਸ ਦੇਈਏ ਕਿ ਖੇਡ ਮੰਤਰੀ ਕਿਰਨ ਰਿਜੀਜੂ ਨੇ ਬਜਰੰਗ ਪੁਨੀਆ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਟਵੀਟ ਕਰ ਇਸ ਨੂੰ ਸ਼ਲਾਘਾਯੋਗ ਕੰਮ ਦੱਸਿਆ ਹੈ। ਕੋਰੋਨਾ ਖਿਲਾਫ ਲੜਨ ਲਈ ਸਖਤ ਕਦਮ ਚੁੱਕਦਿਆਂ, ਹਰਿਆਣਾ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਤਾਲਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਬਜਰੰਗ ਪੁਨੀਆ ਤੋਂ ਇਲਾਵਾ, ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਆਪਣੇ ਭਰਾ ਯੂਸਫ ਨਾਲ 4000 ਮਾਸਕ ਦਾਨ ਕਰਨ ਦਾ ਐਲਾਨ ਕੀਤਾ ਹੈ। ਇਰਫਾਨ ਨੇ ਆਪਣੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਹ ਇਸ ਗੱਲ ਨੂੰ ਸਭ ਨਾਲ ਸਾਂਝਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਕੋਰੋਨਾਵਾਇਰਸ ਦਾ ਪ੍ਰਕੋਪ ਸਾਰੇ ਵਿਸ਼ਵ ਵਿੱਚ ਦੇਖਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਖੇਡਾਂ ਦੀਆ ਮਸ਼ਹੂਰ ਸ਼ਖਸੀਅਤਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਪਹਿਲਵਾਨ ਬਜਰੰਗ ਪੁਨੀਆ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ, ਟੋਕਿਓ ਓਲੰਪਿਕ ਨਾ ਕਰਾਉਣ ਦਾ ਵੀ ਫੈਸਲਾ ਕਰਨਾ ਚਾਹੀਦਾ ਹੈ।