ਭਾਰਤੀ ਪਿਸਟਲ ਟੀਮ ਦੇ ਵਿਦੇਸ਼ ਕੋਚ ਪਾਵੇਲ ਸਮਿਰਨੋਵ ਸ਼ੁੱਕਰਵਾਰ ਨੂੰ ਕ੍ਰੋਏਸ਼ੀਆ ‘ਚ ਭਾਰਤੀ ਟੀਮ ਨਾਲ ਜੁੜ ਜਾਣਗੇ ਜਦੋਂ ਕਿ ਦੋ ਹੋਰ ਕੋਚ ਸਮਰੇਸ਼ ਜੰਗ ਅਤੇ ਰੌਣਕ ਪੰਡਤ ਇਸ ਮਹੀਨੇ ਦੇ ਅਖੀਰ ‘ਚ ਟੀਮ ਨਾਲ ਜੁੜਨਗੇ। ਸਮਿਰਨੋਵਾ ਵੀਜ਼ਾ ਪ੍ਰਕਿਰਿਆ ‘ਚ ਦੇਰੀ ਕਾਰਨ ਪਿਛਲੇ ਮੰਗਲਵਾਰ ਨੂੰ ਕੌਮੀ ਨਿਸ਼ਾਨੇਬਾਜ਼ੀ ਟੀਮ ਨਾਲ ਕ੍ਰੋਏਸ਼ੀਆ ਨਹੀਂ ਜਾ ਸਕੇ ਸਨ ਪਰ ਹੁਣ ਇਹ ਮਾਮਲਾ ਸੁਲਝਾ ਲਿਆ ਗਿਆ ਹੈ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨਆਰਏਆਈ) ਦੇ ਸਕੱਤਰ ਰਾਜੀਵ ਭਾਟੀਆ ਨੇ ਬੁੱਧਵਾਰ ਨੂੰ ਕਿਹਾ ਕਿ ਪਾਵੇਲ 21 ਮਈ ਨੂੰ ਰਵਾਨਾ ਹੋ ਰਹੇ ਹਨ ਕਿਉਂਕਿ ਉਨ੍ਹਾਂ ਦੀ ਵੀਜ਼ਾ ਪ੍ਰਕਿਰਿਆ ਪੂਰੀ ਹੋ ਗਈ ਹੈ।
ਤੈਰਾਕ ਕੋਲੇਸਨਿਕੋਵ ਨੇ ਬਣਾਇਆ ਵਿਸ਼ਵ ਰਿਕਾਰਡ
ਬੁਡਾਪੇਸਟ : ਰੂਸ ਦੇ ਤੈਰਾਕ ਕਲੀਮੇਂਟ ਕੋਲੇਸਨਿਕੋਵ ਨੇ ਯੂਰਪੀ ਤੈਰਾਕੀ ਚੈਂਪੀਅਨਸ਼ਿਪ ‘ਚ ਲਗਾਤਾਰ ਦੂਸਰੇ ਦਿਨ 50 ਮੀਟਰ ਬੈਕਸਟ੍ਰੋਕ ‘ਚ ਆਪਣੇ ਵਿਸ਼ਵ ਰਿਕਾਰਡ ‘ਚ ਸੁਧਾਰ ਕੀਤਾ। 20 ਸਾਲਾ ਕੋਲੇਸਨਿਕੋਵ ਨੇ 23.80 ਸੈਕਿੰਡ ਦਾ ਸਮਾਂ ਲੈ ਕੇ ਮੰਗਲਵਾਰ ਨੰੂ ਗੋਲਡ ਮੈਡਲ ਜਿੱਤਿਆ। ਇਹ ਪਿਛਲੇ ਰਿਕਾਰਡ ਤੋਂ 0.13 ਸੈਕਿੰਡ ਬਿਹਤਰ ਹੈ ਜੋ ਉਨ੍ਹਾਂ ਨੇ ਇਕ ਦਿਨ ਪਹਿਲਾਂ ਸੈਮੀਫਾਈਨਲ ‘ਚ ਬਣਾਇਆ ਸੀ। ਉਦੋਂ ਉਹ 24 ਸੈਕਿੰਡ ‘ਚ ਇਹ ਦੂਰੀ ਪੂਰੀ ਕਰਨ ਵਾਲੇ ਵਿਸ਼ਵ ਦੇ ਪਹਿਲੇ ਤੈਰਾਕ ਬਣੇ ਸਨ।
ਹੋਰਨਾਂ ਟੀਮਾਂ ਦੇ ਮੈਚਾਂ ‘ਤੇ ਨਜ਼ਰ : ਸੁਮਿਤ
ਬੈਂਗਲੁਰੂ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਯਾਤਰਾ ਪਾਬੰਦੀਆਂ ਕਾਰਨ ਭਾਰਤੀ ਟੀਮ ਦੇ ਐੱਫਆਈਐੱਚ ਪ੍ਰਰੋ-ਲੀਗ ਦੇ ਮੈਚਾਂ ਦੇ ਰੱਦ ਹੋਣ ‘ਤੇ ਮਿਡਫੀਲਡਰ ਸੁਮਿਤ ਨੇ ਬੁੱਧਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਦੂਸਰੀਆਂ ਟੀਮਾਂ ਦੀ ਖੇਡ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰ ਰਹੀ ਹੈ। ਅਰਜਨਟੀਨਾ ਦੌਰੇ ਤੋਂ ਬਾਅਦ ਭਾਰਤੀ ਟੀਮ ਨੂੰ ਇਸ ਮਹੀਨੇ ਬਰਤਾਨੀਆ, ਸਪੇਨ ਤੇ ਜਰਮਨੀ ਖ਼ਿਲਾਫ਼ ਐੱਪਆਈਐੱਚ ਪ੍ਰੋ-ਲੀਗ ਮੈਚ ਖੇਡਣੇ ਸਨ ਪਰ ਕੋਰੋਨਾ ਕਾਰਨ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਕਾਰਨ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਸੁਮਿਤ ਨੇ ਕਿਹਾ ਕਿ ਅਸੀਂ ਉਨ੍ਹਾਂ ਟੀਮਾਂ ਨੂੰ ਦੇਖ ਰਹੇ ਹਾਂ ਜੋ ਮੌਜੂਦਾ ਸਮੇਂ ਆਪਣੀ ਪ੍ਰਰੋ-ਲੀਗ ‘ਚ ਖੇਚ ਰਹੀਆਂ ਹਨ।