gautam picks up: ਇੱਕ ਪਾਰੀ ਦੇ ਸਾਰੇ 10 ਵਿਕਟ ਕੱਢਣੇ ਕਿਸੇ ਅਜੂਬੇ ਤੋਂ ਘੱਟ ਨਹੀਂ ਹਨ। ਨੌਜਵਾਨ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਨੇ ਇਹ ਕਾਰਨਾਮਾ ਹਾਸਿਲ ਕੀਤਾ ਹੈ। 4.5 ਓਵਰਾਂ ਦੀ ਗੇਂਦਬਾਜ਼ੀ ਵਿੱਚ ਇਸ ਗੇਂਦਬਾਜ਼ ਨੇ ਇੱਕ ਮੇਡਨ ਓਵਰ ਸਮੇਤ 12 ਦੌੜਾਂ ਦੇ ਕੇ 10 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਚੰਡੀਗੜ੍ਹ ਲਈ ਖੇਡਦੇ ਹੋਏ ਕਸ਼ਵੀ ਗੌਤਮ ਨੇ ਪਾਰੀ ਦੀਆਂ ਸਾਰੀਆਂ ਵਿਕਟਾਂ ਲਈਆਂ ਹਨ। ਉਹ ਸੀਮਤ ਓਵਰਾਂ ਦੇ ਮੈਚ ਵਿੱਚ ਪਾਰੀ ਦੇ ਸਾਰੇ 10 ਵਿਕਟ ਆਊਟ ਕਰਨ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਬਣ ਗਈ ਹੈ।
ਦਰਅਸਲ ਚੰਡੀਗੜ੍ਹ ਦੀ ਕਪਤਾਨ ਕਸ਼ਵੀ ਗੌਤਮ ਨੇ ਮੰਗਲਵਾਰ ਨੂੰ ਕਡਾਪਾ ਆਂਧਰਾ ਪ੍ਰਦੇਸ਼ ਦੇ ਕੇ.ਐਸ.ਆਰ.ਐਮ ਕਾਲਜ ਦੇ ਮੈਦਾਨ ਵਿੱਚ ਮਹਿਲਾ ਅੰਡਰ -19 ਵਨ ਡੇ ਟਰਾਫੀ ‘ਚ ਅਰੁਣਾਚਲ ਪ੍ਰਦੇਸ਼ ਦੀ ਪੂਰੀ ਟੀਮ ਨੂੰ ਇਕੱਲਿਆਂ ਹੀ ਆਊਟ ਕਰ ਦਿੱਤਾ ਸੀ। ਇਸ ਕਾਰਨਾਮੇ ਵਿੱਚ ਉਨ੍ਹਾਂ ਦੀ ਇੱਕ ਹੈਟ੍ਰਿਕ ਵੀ ਸ਼ਾਮਿਲ ਰਹੀ ਹੈ। ਬੀ.ਸੀ.ਸੀ.ਆਈ ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਚੰਡੀਗੜ੍ਹ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾਈਆਂ। ਕਸ਼ਵੀ ਗੌਤਮ ਨੇ ਵੀ ਬੱਲੇਬਾਜ਼ੀ ਵਿੱਚ ਹੱਥ ਖੋਲ੍ਹਿਆ ਅਤੇ ਟੀਮ ਲਈ 49 ਦੌੜਾਂ ਬਣਾਈਆਂ। ਇਸ ਤੋਂ ਬਾਅਦ, ਜਦੋਂ ਅਰੁਣਾਚਲ ਦੀ ਟੀਮ ਟੀਚੇ ਦਾ ਪਿੱਛਾ ਕਰਨ ਉੱਤਰੀ ਤਾਂ ਕਸ਼ਵੀ ਗੌਤਮ ਨੇ ਤਬਾਹੀ ਮਚਾਈ ਅਤੇ 4.5 ਓਵਰਾਂ ਦੀ ਗੇਂਦਬਾਜ਼ੀ ਵਿੱਚ ਪੂਰੀ ਟੀਮ ਨੂੰ ਸਿਰਫ 12 ਦੌੜਾਂ ‘ਤੇ ਢੇਰ ਕਰ ਦਿੱਤਾ। ਵਿਰੋਧੀ ਟੀਮ 8.5 ਓਵਰਾਂ ਵਿੱਚ ਸਿਰਫ 25 ਦੌੜਾਂ ਹੀ ਬਣਾ ਸਕੀ ਅਤੇ ਚੰਦੀਗੜ ਨੇ ਮੈਚ 161 ਦੌੜਾਂ ਨਾਲ ਜਿੱਤ ਲਿਆ। 16 ਸਾਲਾ ਕਾਸ਼ਵੀ ਪਹਿਲੀ ਭਾਰਤੀ ਗੇਂਦਬਾਜ਼ ਹੈ ਜਿਸ ਨੇ ਸੀਮਤ ਓਵਰ ਕ੍ਰਿਕਟ ਵਿੱਚ ਇਹ ਕਾਰਨਾਮਾ ਕੀਤਾ ਹੈ। ਯਾਨੀ ਉਸ ਨੇ ਪੁਰਸ਼ ਗੇਂਦਬਾਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਵਨਡੇ ਟੂਰਨਾਮੈਂਟ ਵਿੱਚ ਇਹ ਕ੍ਰਿਸ਼ਮਾ ਦਿਖਾਇਆ ਹੈ।