ਚੀਨ ਤੇ ਤਿੱਬਤੀ ਧਰਮਗੁਰੂ ਦਲਾਈਲਾਮਾ ਵਿਚਾਲੇ ਗੱਲਬਾਤ ਲਈ ਅਮਰੀਕਾ ਨੇ ਭਾਰਤੀ ਮੂਲ ਦੀ ਰਾਜਨਾਇਕ ਉਜਰਾ ਜੇਯਾ ਨੂੰ ਤਿੱਬਤੀ ਮਾਮਲਿਆਂ ’ਚ ਆਪਣਾ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਦਾ ਮਕਸਦ ਤਿੱਬਤ ਸਬੰਧੀ ਸਮਝੌਤਾ ਕਰਨਾ ਤੇ ਚੀਨ ਨੂੰ ਸਖ਼ਤ ਚਿਤਾਵਨੀ ਦੇਣਾ ਹੈ।
ਅਮਰੀਕੀ ਰਾਜਨਾਇਕ ਉਜਰਾ ਜੇਯਾ ਨੇ ਨਵੀਂ ਦਿੱਲੀ ’ਚ ਆਪਣੀ ਤਾਇਨਾਤੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ 2018 ’ਚ ਵਿਦੇਸ਼ ਸੇਵਾ ਨੂੰ ਛੱਡ ਦਿੱਤਾ ਸੀ। ਉਹ ਨਾਗਰਿਕ ਸੁਰੱਖਿਆ, ਲੋਕਤੰਤਰ ਤੇ ਮਨੁੱਖੀ ਅਧਿਕਾਰ ਮਾਮਲਿਆਂ ਦੀ ਉਪਰ ਸਕੱਤਰ ਵੀ ਹੈ। ਜੇਯਾ ਅਮਰੀਕੀ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਤੇ ਤਿੱਬਤੀ ਮਾਮਲਿਆਂ ਤੇ ਤਿੱਬਤੀ ਨੀਤੀ ਐਕਟ 2002 ’ਚ ਸੋਧ ’ਤੇ ਵੀ ਵਿਚਾਰ ਕਰਨਗੇ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਜਰਾ ਜੇਯਾ ਤਿੱਬਤ ’ਤੇ ਸਮਝੌਤੇ ਲਈ ਬਿਨਾਂ ਕਿਸੇ ਸਾਬਕਾ ਸ਼ਰਤ ਦੇ ਚੀਨ ਸਰਕਾਰ ਤੇ ਦਲਾਈਲਾਮਾ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਕਰਵਾਉਣਗੇ। ਚੀਨ 86 ਸਾਲਾ ਦਲਾਈਲਾਮਾ ਨੂੰ ਵੱਖਵਾਦੀ ਮੰਨਦਾ ਹੈ। ਦਲਾਈਲਾਮਾ ਭਾਰਤ ’ਚ 1959 ’ਚੋਂ ਪਨਾਹ ਲੈ ਕੇ ਰਹਿ ਰਹੇ ਹਨ। ਦਲਾਈਲਾਮਾ ਦੇ ਨੁਮਾਇੰਦੇ ਨਮੰਗਯਾਲ ਚੋਡੇਪ ਨੇ ਅਮਰੀਕੀ ਸਰਾਕਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਉਜਰਾ ਜੇਯਾ ਨੂੁੰ ਨਿਯੁਕਤੀ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਉਨ੍ਹਾਂ ਨਾਲ ਕੰਮ ਕਰਨ ਪ੍ਰਤੀ ਉਤਸ਼ਾਹਿਤ ਹਨ। ਉਧਰ, ਚੀਨੀ ਸਰਕਾਰ ਨੇ ਇਸ ਕਦਮ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਅਮਰੀਕਾ ’ਚ ਚੀਨੀ ਰਾਜਦੂਤ ਦੀ ਤਰਜ਼ਮਾਨ ਲਿਊ ਪੇਂਗਯੂ ਨੇ ਕਿਹਾ ਕਿ ਉਹ ਆਪਣੇ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਉਠਾਉਣਗੇ। ਜ਼ਿਕਰਯੋਗ ਹੈ ਕਿ ਕਿ 2013 ’ਚ ਚੀਨ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਤੋਂ ਸ਼ੀ ਜਿਨਪਿੰਗ ਨੇ ਤਿੱਬਤ ਦੀ ਸੁਰੱਖਿਆ ’ਤੇ ਕੰਟਰੋਲ ਰੱਖਿਆ ਹੈ।
ਅਮਰੀਕੀ ਕਮਿਸ਼ਨ ’ਚ ਸ਼ਾਮਲ ਹੋਣਗੇ ਚਾਰ ਭਾਰਤੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚਾਰ ਭਾਰਤੀ ਅਮਰੀਕੀਆਂ ਅਜੇ ਜੈਨ ਭੁਟੋਰੀਆ, ਸੋਨਲ ਸ਼ਾਹ, ਕਮਲ ਕਲਸੀ ਤੇ ਸਮਿਤਾ ਸ਼ਾਹ ਨੂੰ ਏਸ਼ਿਆਈ ਅਮਰੀਕੀਆਂ, ਹਵਾਈ ਦੇ ਮੂਲ ਵਾਸੀ ਤੇ ਪ੍ਰਸ਼ਾਂਤ ਟਾਪੂ ਦੇ ਵਾਸੀਆਂ ’ਤੇ ਆਪਣੇ ਸਲਾਹਕਾਰ ਕਮਿਸ਼ਨ ਦੇ ਮੈਂਬਰਾਂ ਦੇ ਰੂਪ ’ਚ ਨਿਯੁਕਤ ਕਰਨ ਦੀ ਇੱਛਾ ਪ੍ਰਗਟਾਈ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਕਮਿਸ਼ਨ ਰਾਸ਼ਟਰਪਤੀ ਨੂੰ ਦੱਸੇਗਾ ਕਿ ਜਨਤਕ, ਨਿੱਜੀ ਤੇ ਗ਼ੈਰ-ਲਾਭਕਾਰੀ ਖੇਤਰ ਹਰ ਏਸ਼ਿਆਈ ਅਮਰੀਕੀ, ਮੂਲ ਵਾਸੀ ਹਵਾਈ ਤੇ ਪ੍ਰਸ਼ਾਂਤ ਟਾਪੂ ਸਮੂਹ (ਏਐੱਮਐੱਨਐੱਚਪੀਆਈ) ਭਾਈਚਾਰੇ ਲਈ ਸਮਾਨਤਾ ਲਿਆਉਣ ਤੇ ਮੌਕੇ ਪੈਦਾ ਕਰਨ ਲਈ ਮਿਲ ਕੇ ਕਿਸੇ ਤਰੀਕੇ ਨਾਲ ਕੰਮ ਕਰ ਸਕਦੇ ਹਨ।