ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ਨਿੱਚਰਵਾਰ ਸ਼ਾਮ ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਈ ਇਫਤਾਰ ਪਾਰਟੀ ਵਿੱਚ ਪੁੱਜੇ ਮਹਿਮਾਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੀ ਜ਼ਬਰਦਸਤ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੁਰੱਖਿਆ ਜਾਂਚ ਵਧਾਉਣ ਕਾਰਨ ਇਹ ਅਧਿਕਾਰੀ ਉਨ੍ਹਾਂ ਨੂੰ ਕਿਸੇ ਕਾਰਨ ਰੋਕ ਰਹੇ ਸਨ।
ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਸੇਰੇਨਾ ਹੋਟਲ ਵਿੱਚ ਸਾਲਾਨਾ ਇਫਤਾਰ ਪਾਰਟੀ ਰੱਖੀ ਸੀ ਜਿਸ ਵਿੱਚ ਪੂਰੇ ਪਾਕਿਸਤਾਨ ਤੋਂ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ।
ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਮਹਿਮਾਨਾਂ ਨੇ ਦੱਸਿਆ ਕਿ ਇਸ ਸ਼ਾਨਦਾਰ ਹੋਟਲ ਦੇ ਆਲੇ-ਦੁਆਲੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਸਬੰਧੀ ਇਕ ਪੱਤਰਕਾਰ ਨੇ ਦੱਸਿਆ ਕਿ ਉਸ ਨੇ ਉਥੇ ਆਮ ਦਿਨਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਸੁਰੱਖਿਆ ਇੰਤਜ਼ਾਮ ਵੇਖੇ ਪਰ ਜਿਹੜੇ ਲੋਕਾਂ ਕੋਲ ਸੱਦਾ ਪੱਤਰ ਅਤੇ ਪਛਾਣ ਪੱਤਰ ਸਨ, ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਿੱਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਮੇਰੇ ਸੱਦਾ ਪੱਤਰ ਦੀ ਵੀ ਜਾਂਚ ਕੀਤੀ ਗਈ ਅਤੇ ਮੇਰੇ ਪੇਸ਼ੇ ਅਤੇ ਰਹਿਣ ਦੀ ਥਾਂ ਬਾਰੇ ਵਿੱਚ ਪੁੱਛਗਿੱਛ ਕੀਤੀ ਗਈ ਅਤੇ ਮੁੜ ਮੈਨੂੰ ਅੰਦਰ ਜਾਣ ਦਿੱਤਾ ਗਿਆ।
ਮਸ਼ਹੂਰ ਪੱਤਰਕਾਰ ਮੇਹਰੀਨ ਜਾਹਰਾ-ਮਲਿਕ ਨੇ ਟਵੀਟ ਕੀਤਾ, ”ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਗਜ਼ਬ ਦੀ ਬਦਸਲੂਕੀ ਕੀਤੀ ਗਈ। ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਏ ਸਾਲਾਨਾ ਇਫਤਾਰ ਵਿੱਚ ਪੁਲਿਸ ਅਤੇ ਅੱਤਵਾਦੀ ਰੋਧੀ ਬਲ ਨੇ ਹੋਟਲ ਵਿੱਚ ਜਾਣ ਵਾਲੇ ਹਰ ਵਿਅਕਤੀ ਨਾਲ ਬਦਸਲੂਕੀ ਕੀਤੀ। ਇਹ ਯਕੀਨਨ ਬਦਸਲੂਕੀ ਹੈ।”