ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਵੱਲੋਂ ਟੋਕੀਓ ਓਲੰਪਿਕ-2020 ਮੁਕਾਬਲੇ ਤੋਂ ਬਾਅਦ ਦੁਨੀਆ ਭਰ ਦੇ ਸਾਲ 2021 ਦੇ ਰੁਸਤਮ ਪੁਰਸ਼ ਤੇ ਮਹਿਲਾ ਹਾਕੀ ਖਿਡਾਰੀਆਂ ਤੋਂ ਇਲਾਵਾ ਅੱਵਲ ਟਰੇਨਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਟੋਕੀਓ ’ਚ ਤਾਂਬੇ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਤੇ ਚੌਥਾ ਰੈਂਕ ਹਾਸਲ ਕਰਨ ਵਾਲੀ ਮਹਿਲਾ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਇਨ੍ਹਾਂ ਦੋਹਾਂ ਟੀਮਾਂ ਦੇ ਟਰੇਨਰਾਂ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਆਲਮੀ ਹਾਕੀ ਦੇ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ’ਚ ਭਾਰਤ ਦੇ ਹਰਮਨਪ੍ਰੀਤ ਸਿੰਘ ਤੇ ਗੁਰਜੀਤ ਕੌਰ ਨੂੰ ‘ਬੈਸਟ ਪਲੇਅਰ’, ਗੋਲ ਰਾਖੇ ਸ਼੍ਰੀਜੇਸ਼ ਤੇ ਸਵੀਤਾ ਪੂਨੀਆ ਨੂੰ ‘ਬੈਸਟ ਗੋਲਕੀਪਰਜ਼’, ਵਿਵੇਕ ਪ੍ਰਸਾਦ ਤੇ ਸ਼ਰਮੀਲਾ ਦੇਵੀ ਨੂੰ ‘ਯੰਗ ਪਲੇਅਰਜ਼’ ਤੇ ਇੰਡੀਅਨ ਪੁਰਸ਼ ਟੀਮ ਦੇ ਗ੍ਰਾਹਮ ਰੀਡ ਤੇ ਭਾਰਤੀ ਮਹਿਲਾ ਟੀਮ ਦੇ ਟਰੇਨਰ ਐੱਸ ਮਰੀਨੋ ਨੂੰ ‘ਬਿਹਤਰੀਨ ਟਰੇਨਰਜ਼’ ਦੇ ਐਵਾਰਡ ਲਈ ਚੁਣਿਆ ਗਿਆ ਹੈ।
ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗਮਾ ਜੇਤੂ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੂੰ ‘ਬੈਸਟ ਪਲੇਅਰ ਆਫ ਈਅਰ-2021’ ਐਵਾਰਡ ਦਿੱਤਾ ਗਿਆ ਹੈ। ਮੈਦਾਨ ਅੰਦਰ
ਰਾਈਟ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੇ ਇਸ ਮੁਕਾਬਲੇ ’ਚ ਟੋਕੀਓ ਓਲੰਪਿਕ ’ਚ ਗੋਲਡ ਮੈਡਲ ਜੇਤੂ ਟੀਮ ਦੇ ਪ੍ਰਸਿੱਧ ਡਰੈਗ ਫਲਿੱਕਰ ਅਲੈਗਜ਼ੈਂਡਰ ਹੈਂਡਰਿਕਸ ਨੂੰ ਹਰਾਇਆ ਹੈ। ਭਾਰਤ ਦੇ ਹਰਮਨਪ੍ਰੀਤ ਸਿੰਘ ਨੂੰ 52.11 ਵੋਟ ਜਦਕਿ ਦੂਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਬੈਲਜੀਅਮ ਦੇ ਵਿਸ਼ਵ ਪ੍ਰਸਿੱਧ ਹੈਂਡਰਿਕਸ ਨੂੰ 24.88 ਵੋਟਾਂ ਨਸੀਬ ਹੋਈਆਂ ਹਨ। ਪੈਨਲਟੀ ਕਾਰਨਰਾਂ ਨੂੰ ਡਰੈਗ ਫਲਿੱਕਾਂ ਰਾਹੀਂ ਗੋਲਾਂ ’ਚ ਤਬਦੀਲ ਕਰਨ ’ਚ ਉਸ ਨੇ ਵਿਰੋਧੀ ਹਾਕੀ ਟੀਮਾਂ ਦੇ ਗੋਲਕੀਪਰਾਂ ਤੇ ਰੱਖਿਅਕ ਖਿਡਾਰੀਆਂ ਦੀ ਬਸ ਕਰਵਾਈ ਹੋਈ ਹੈ। ਜ਼ਿਲ੍ਹਾ
ਅੰਮਿ੍ਰਤਸਰ ਦੇ ਜੰਡਿਆਲਾ ਗੁਰੂ ’ਚ ਕਿਸਾਨ ਪਰਿਵਾਰ ’ਚ ਜਨਮੇ ਹਰਮਨਪ੍ਰੀਤ ਸਿੰਘ ਨੇ 2011 ਤੋਂ ਕਰੀਅਰ ਦੀ
ਸ਼ੁਰੂਆਤ ਸੁਰਜੀਤ ਸਿੰਘ ਹਾਕੀ ਅਕੈਡਮੀ ਜਲੰਧਰ ਤੋਂ ਕੀਤੀ। ਉਹ 127 ਆਲਮੀ ਮੈਚਾਂ ’ਚ 80 ਗੋਲ ਦਾਗਣ ਦਾ ਕਰਿਸ਼ਮਾ ਕਰ ਚੁੱਕਾ ਹੈ।
ਬੈਸਟ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ
ਟੋਕੀਓ ਓਲੰਪਿਕ ’ਚ ਚੌਥਾ ਰੈਂਕ ਹਾਸਲ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਗੁਰਜੀਤ ਕੌਰ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ 2021 ਦੇ ‘ਬੈਸਟ ਮਹਿਲਾ ਪਲੇਅਰ ਆਫ ਦਿ ਈਅਰ’ ਦੇ ਅਵਾਰਡ ਨਾਲ ਨਿਵਾਜਿਆ ਗਿਆ ਹੈ। ਇਸ ਮੁਕਾਬਲੇ ’ਚ ਗੁਰਜੀਤ ਕੌਰ ਨੂੰ 46.63 ਵੋਟ ਹਾਸਲ ਹੋਏ ਜਦਕਿ ਟੋਕੀਓ ਓਲੰਪਿਕ ’ਚ ਚੈਂਪੀਅਨ ਨੀਦਰਲੈਂਡ ਦੀਆਂ ਦੋ ਖਿਡਾਰਨਾਂ ਏਵਾ ਗੋਇਡੇ ਤੇ ਫਰੈਡਰਿਕ ਮੇਟਲਾ ਨੂੰ ਕ੍ਰਮਵਾਰ 19.80 ਤੇ 13.49 ਵੋਟਾਂ ਨਾਲ ਦੂਜੇ ਤੇ ਤੀਜੇ ਸਥਾਨ ’ਤੇ ਸਬਰ ਕਰਨਾ ਪਿਆ। ਰੋਚਕ ਇਤਫ਼ਾਕ ਇਹ ਰਿਹਾ ਕਿ ਟੋਕੀਓ ਓਲੰਪਿਕ ’ਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤਣ ਵਾਲੀਆਂ ਨੀਦਰਲੈਂਡ, ਅਰਜਨਟੀਨਾ ਤੇ ਬਿ੍ਰਟੇਨ ਦੀਆਂ ਖਿਡਾਰਨਾਂ ਨੂੰ ਇਸ ਐਵਾਰਡ ਤੋਂ ਵਾਂਝਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਟੋਕੀਓ ਓਲੰਪਿਕ ਚੈਂਪੀਅਨ ਬਣੀ ਨੀਦਰਲੈਂਡ ਟੀਮ ਦੀ ਖਿਡਾਰਨ ਫਰੈਡਰਿਕ ਮੇਟਲਾ 9 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਨਾਮਜ਼ਦ ਹੋਈ ਹੈ ਜਦਕਿ ਟੋਕੀਓ ਓਲੰਪਿਕ ’ਚ ਭਾਰਤੀ ਰੱਖਿਅਕ ਗੁਰਜੀਤ ਕੌਰ ਵੱਲੋਂ ਕੁੱਲ 4 ਗੋਲ ਸਕੋਰ ਕੀਤੇ ਗਏ ਸਨ। ਸੀਨੀਅਰ ਮਹਿਲਾ ਕੌਮੀ ਹਾਕੀ ਟੀਮ ’ਚ 2014 ’ਚ ਆਲਮੀ ਪਾਰੀ ਦਾ ਆਗ਼ਾਜ਼ ਕਰਨ ਵਾਲੀ ਗੁਰਜੀਤ ਕੌਰ 95 ਹਾਕੀ ਮੈਚਾਂ ’ਚ 64 ਦਾਗਣ ਦਾ ਕਰਿਸ਼ਮਾ ਕਰ ਚੁੱਕੀ ਹੈ। ਉਸ ਦਾ ਜਨਮ 25 ਅਕਤੂਬਰ 1995 ਨੂੰ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਮਿਆਦੀ ਕਲਾਂ ’ਚ ਹੋਇਆ।
ਬੈਸਟ ਗੋਲਕੀਪਰ ਪੀਆਰ ਸ੍ਰੀਜੇਸ਼
ਐੱਫਆਈਐੱਚ ਵੱਲੋਂ 2021 ਲਈ ਭਾਰਤ ਦੇ ਗੋਲਚੀ ਪੀਆਰ ਸ੍ਰੀਜੇਸ਼ ਨੂੰ ਦੁਨੀਆ ਦਾ ‘ਬੈਸਟ ਗੋਲੀਕੀਪਰ’ ਦਾ ਐਵਾਰਡ ਪ੍ਰਦਾਨ ਕੀਤਾ ਗਿਆ ਹੈ। ਇਸ ਮੁਕਾਬਲੇ ’ਚ ਸ੍ਰੀਜੇਸ਼ ਨੂੰ 58.34 ਵੋਟਾਂ ਮਿਲੀਆਂ ਜਦਕਿ ਟੋਕੀਓ ਓਲੰਪਿਕ ਚੈਂਪੀਅਨ ਬੈਲਜੀਅਮ ਦੀ ਟੀਮ ਦੇ ਗੋਲਚੀ ਵਿਨਸੈਂਟ ਵਨਾਸਚ ਨੂੰ 34.40 ਵੋਟਾਂ ਨਾਲ ਦੂਜੇ ਸਥਾਨ ’ਤੇ ਸਬਰ ਕਰਨਾ ਪਿਆ। ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ’ਚ 2006 ’ਚ ਖੇਡੀਆਂ ਗਈਆਂ ਸਾਊਥ ਏਸ਼ੀਅਨ ਗੇਮਜ਼ ’ਚ ਕੌਮੀ ਹਾਕੀ ਟੀਮ ਦੇ ਗੋਲ ਰਾਖੇ ਵਜੋਂ ਖੇਡ ਪਾਰੀ ਦਾ ਆਗ਼ਾਜ਼ ਕਰਨ ਵਾਲੇ 35 ਸਾਲਾ ਇਸ ਗੋਲਕੀਪਰ ਦਾ ਨਾਂ ਇਸ ਸਮੇਂ ਦੁਨੀਆ ਦੇ ਮੰਨੇ-ਪ੍ਰਮੰਨੇ ਗੋਲਕੀਪਰਾਂ ਦੀ ਸੂਚੀ ’ਚ ਸ਼ੁਮਾਰ ਹੈ। ਕੌਮੀ ਹਾਕੀ ਟੀਮ ਦੇ ਗੋਲ ਦੀ 208 ਆਲਮੀ ਹਾਕੀ ਮੈਚਾਂ ’ਚ ਰਾਖੀ ਕਰ ਚੁੱਕੇ ਸਾਬਕਾ ਕਪਤਾਨ ਸ੍ਰੀਜੇਸ਼ ਨੂੰ 2004 ’ਚ ਪਰਥ ’ਚ ਜੂਨੀਅਰ ਕੌਮੀ ਹਾਕੀ ਟੀਮ ਨਾਲ ਆਸਟਰੇਲੀਆ ਵਿਰੁੱਧ ਪਹਿਲੀ ਵਾਰ ਆਲਮੀ ਹਾਕੀ ਮੈਚ ਖੇਡਣ ਦਾ ਮੌਕਾ ਨਸੀਬ ਹੋਇਆ। ਰੀਓ-2016 ’ਚ ਉਸ ਨੂੰ ਕੌਮੀ ਹਾਕੀ ਟੀਮ ਦਾ ਕਪਤਾਨ ਥਾਪਿਆ ਗਿਆ।
ਗੋਲਕੀਪਰ ਸਵਿਤਾ ਪੂਨੀਆ
ਭਾਰਤੀ ਮਹਿਲਾ ਹਾਕੀ ਟੀਮ ਦੀ 31 ਸਾਲਾ ਗੋਲ ਰਾਖਣ ਸਵਿਤਾ ਪੂਨੀਆ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ 2021 ਲਈ ‘ਬੈਸਟ ਗੋਲਕੀਪਰ’ ਐਲਾਨਿਆ ਗਿਆ ਹੈ। ਉਸ ਨੂੰ ਮੁਕਾਬਲਾ ਜਿੱਤਣ ਲਈ 58.75 ਵੋਟਾਂ ਨਸੀਬ ਹੋਈਆਂ ਜਦਕਿ ਉਸ ਦੀ ਵਿਰੋਧਣ ਅਰਜਨਟੀਨਾ ਦੀ ਗੋਲਚੀ ਬੈਲੇਨ ਸੁਸੀ 22 ਵੋਟਾਂ ਹਾਸਲ ਕਰ ਕੇ ਦੂਜੇ ਸਥਾਨ ’ਤੇ ਰਹੀ। ਉਹ 210 ਆਲਮੀ ਮੈਚ ਖੇਡਣ ਸਦਕਾ ਟੀਮ ਦੀ ਸਭ ਤੋਂ ਅਨੁਭਵੀ ਖਿਡਾਰਨ ਹੈ। ਸਿਰਸਾ ਜ਼ਿਲ੍ਹੇ ਦੇ ਜੋਧਕਾਂ ਪਿੰਡ ਵਾਸੀ ਇਹ ਖਿਡਾਰਨ ਰੀਓ 2016 ਓਲੰਪਿਕ ਹਾਕੀ ਤੇ ਲੰਡਨ 2018 ਵਿਸ਼ਵ ਹਾਕੀ ਕੱਪ ਖੇਡਣ ਤੋਂ ਇਲਾਵਾ ਏਸ਼ਿਆਈ ਖੇਡਾਂ ਜਕਾਰਤਾ-2018 ’ਚ ਸਿਲਵਰ ਤੇ ਇੰਚਿਓਨ-2014 ’ਚ ਤਾਂਬੇ ਦਾ ਤਗਮਾ ਤੇ ਚੀਨ 2017 ਏਸ਼ੀਆ ਕੱਪ ’ਚ ਚੈਂਪੀਅਨ ਹਾਕੀ ਟੀਮ ਨਾਲ ਆਪਣੇ ਗੋਲ ਦੀ ਬਾਖ਼ੂਬੀ ਰਾਖੀ ਕਰ ਚੁੱਕੀ ਹੈ।
ਯੰਗ ਪਲੇਅਰ ਵਿਵੇਕ ਪ੍ਰਸਾਦ ਸਾਗਰ
ਸੀਨੀਅਰ ਕੌਮੀ ਹਾਕੀ ਟੀਮ ’ਚ 2018 ’ਚ ਬਰੇਕ ਹਾਸਲ ਕਰਨ ਵਾਲੇ ਮਿੱਡਫੀਲਡਰ ਖਿਡਾਰੀ ਵਿਵੇਕ ਸਾਗਰ ’ਤੇ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ 2021 ਲਈ ‘ਬੈਸਟ ਯੰਗ ਪਲੇਅਰ’ ਦਾ ਗੁਣਾ ਪਾਇਆ ਗਿਆ ਹੈ। 70 ਮੈਚ ਖੇਡ ਚੁੱਕੇ ਵਿਵੇਕ ਸਾਗਰ ਨੇ ਇਸ ਮੁਕਾਬਲੇ ’ਚ ਦੱਖਣੀ ਅਫਰੀਕਾ ਦੇ ਮੁਸਤਫਾ ਕੈਸਿਮ ਨੂੰ ਹਰਾਇਆ ਹੈ। ਵਿਵੇਕ ਸਾਗਰ ਨੂੰ 66.78 ਤੇ ਦੂਜੇ ਸਥਾਨ ’ਤੇ ਰਹੇ ਮੁਸਤਫਾ ਕੈਸਿਮ ਨੂੰ 23.10 ਵੋਟ ਹਾਸਲ ਹੋਏ। ਉਸ ਦਾ ਜਨਮ ਮੱਧ ਪ੍ਰਦੇਸ਼ ਦੇ ਸ਼ਹਿਰ ਹੌਸ਼ੰਗਾਬਾਦ ’ਚ 25 ਫਰਵਰੀ, 2000 ਨੂੰ ਹੋਇਆ। ਕੌਮਾਂਤਰੀ ਹਾਕੀ ’ਚ ਖੇਡੇ 70 ਮੈਚਾਂ ’ਚ 15 ਗੋਲ ਸਕੋਰ ਕਰਨ ਦਾ ਰੁਤਬਾ ਹਾਸਲ ਕਰ ਚੁੱਕੇ ਵਿਵੇਕ ਨੂੰ ਜਕਾਰਤਾ 2018 ਏਸ਼ਿਆਈ ਖੇਡਾਂ ’ਚ ਤਾਂਬੇ ਦਾ ਤਗਮਾ, ਵਿਸ਼ਵ ਚੈਂਪੀਅਨਜ਼ ਹਾਕੀ ਟਰਾਫੀ ’ਚ ਚਾਂਦੀ ਦਾ ਤਗਮਾ ਤੇ ਯੂਥ ਸਮਰ ਓਲੰਪਿਕ ਬਿਊਨਸ ਆਇਰਸ-2018 ਸਿਲਵਰ ਮੈਡਲ ਜੇਤੂ ਟੀਮਾਂ ਨਾਲ ਮੈਦਾਨ ’ਚ ਨਿੱਤਰਨ ਦਾ ਹੱਕ ਹਾਸਲ ਹੋਇਆ।
ਬੈਸਟ ਮਹਿਲਾ ਹਾਕੀ ਟੀਮ ਟਰੇਨਰ ਸਿਓਰਡ ਮਰੀਨੋ
ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਟੋਕੀਓ ਓਲੰਪਿਕ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੇ ਸਿਖਲਾਇਰ ਸਿਓਰਡ ਮਰੀਨੋ ਨੂੰ ‘ਬੈਸਟ ਕੋਚ’ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਹਾਲੈਂਡ ਦੇ 46 ਸਾਲਾ ਡੱਚ ਕੋਚ ਸਿਓਰਡ ਮਰੀਨੋ ਤੋਂ ਸਿਖਲਾਈਯਾਫਤਾ ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਪਹਿਲੀ ਵਾਰ ਓਲੰਪਿਕ ਹਾਕੀ ਦਾ ਸੈਮੀਫਾਈਨਲ ਖੇਡਣ ਦਾ ਸਫ਼ਰ ਤੈਅ ਕੀਤਾ ਸੀ।
ਬੈਸਟ ਟਰੇਨਰ ਗ੍ਰਾਹਮ ਰੀਡ
ਆਸਟਰੇਲੀਆ ਦੇ ਸਾਬਕਾ ਹਾਕੀ ਓਲੰਪੀਅਨ ਗ੍ਰਾਹਮ ਰੀਡ ਨੂੰ ਕੰਗਾਰੂ ਹਾਕੀ ਟੀਮ ਦੀ 130 ਆਲਮੀ ਹਾਕੀ ਮੈਚਾਂ ’ਚ ਨੁਮਾਇੰਦਗੀ ਕਰ ਕੇ 36 ਗੋਲ ਸਕੋਰ ਕਰਨ ਦਾ ਮਾਣ ਹਾਸਲ ਹੈ। ਉਸ ਦੀ ਸਿਖਲਾਈ ’ਚ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਹਾਕੀ ’ਚ ਤਾਂਬੇ ਦਾ ਤਗਮਾ ਜਿੱਤਿਆ ਹੈ। ਉਸ ਦੀ ਇਸੇ ਕਾਰਗੁਜ਼ਾਰੀ ਸਦਕਾ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਉਸ ਨੂੰ ‘ਬੈਸਟ ਸਿਖਲਾਇਰ’ ਦਾ ਅਵਾਰਡ ਦਿੱਤਾ ਗਿਆ ਹੈ। ਉਸ ਦੀ ਨਿਗਰਾਨੀ ’ਚ ਭਾਰਤੀ ਹਾਕੀ ਟੀਮ ਇਸ ਸਮੇਂ ਕੈਂਪ ’ਚ ਅਗਲੇ ਸਾਲ 2022 ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਤਗਮਾ ਜਿੱਤਣ ਲਈ ਜ਼ੋਰਦਾਰ ਤਿਆਰੀ ਕਰ ਰਹੀ ਹੈ।