ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਵੱਖ-ਵੱਖ ਮੁੱਦਿਆਂ ’ਤੇ ਵਿਆਪਕ ਗੱਲਬਾਤ ਕੀਤੀ। ਮੁਲਕਾਤ ਦੌਰਾਨ ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨਾਲੋਜੀ, ਊਰਜਾ ਤੇ ਲੋਕਾਂ ਦੇ ਆਪਸੀ ਸਬੰਧਾਂ ’ਤੇ ਬਾਰੇ ਵਿਚਾਰ ਕਰਦਿਆਂ ਭਾਰਤ-ਕਤਰ ਸਬੰਧਾਂ ਨੂੰ ‘ਰਣਨੀਤਕ ਭਾਈਵਾਲੀ’’ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਤਾਂ ਕਿ ਦੋਵਾਂ ਮੁਲਕਾਂ ਵਿਚਾਲੇ ਗੁੂੜ੍ਹੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇੇ।
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਵਾਂ ਆਗੂਆਂ ਨੇ ਦੁਵੱਲੇ ਹਿੱਤਾਂ ਦੇ ‘ਖੇਤਰੀ ਤੇ ਆਲਮੀ ਮੁੱਦਿਆਂ’ ਉੱਤੇ ਵਿਚਾਰ-ਵਟਾਂਦਰਾ ਵੀ ਕੀਤਾ। ਕਤਰ ਦੇ ਅਮੀਰ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ’ਤੇ ਦੋ ਰੋਜ਼ਾ ਭਾਰਤ ਦੌਰੇ ’ਤੇ ਹਨ। ਉਨ੍ਹਾਂ ਦਾ 2015 ਤੋਂ ਬਾਅਦ ਇਹ ਭਾਰਤ ਦਾ ਇਹ ਦੂਜਾ ਦੌਰਾ ਹੈ।
ਪ੍ਰਧਾਨ ਮੰਤਰੀ ਮੋਦੀ ਤੇ ਕਤਰ ਦੇ ਅਮੀਰ ਐੱਚਐੱਚ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ ਅੱਜ ਇੱਥੇ ਹੈਦਰਾਬਾਦ ਹਾਊਸ ’ਚ ਕਈ ਮੁੱਦਿਆਂ ’ਤੇ ਵਿਆਪਕ ਗੱਲਬਾਤ ਕੀਤੀ।
ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨਾਲੋਜੀ, ਊਰਜਾ ਤੇ ਲੋਕਾਂ ਦੇ ਆਪਸੀ ਸਬੰਧਾਂ ’ਤੇ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਭਾਰਤ-ਕਤਰ ਦੇ ਗੂੜ੍ਹੇ ਸਬੰਧਾਂ ਦੀ ਹੋਰ ਮਜ਼ਬੂਤੀ ਲਈ ਇਨ੍ਹਾਂ ਸਬੰਧਾਂ ਨੂੰ ‘ਰਣਨੀਤਕ ਭਾਈਵਾਲੀ’’ ਤੱਕ ਵਧਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਦੁਵੱਲੇ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਵੀ ਕੀਤੀ।’’ ਭਾਰਤ ਅਤੇ ਕਤਰ ਨੇ ਅੱਜ ਆਪਸੀ ਰਣਨੀਤਕ ਭਾਈਵਾਲੀ ਸਥਾਪਤ ਕਰਨ ਲਈ ਸਮਝੌਤਾ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਕੀਤਾ।
ਭਾਰਤ ਤੇ ਕਤਰ ਵੱਲੋਂ ਅਤਿਵਾਦ ਦੇ ਟਾਕਰੇ ਦਾ ਅਹਿਦ:ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ ਅੱਜ ਸਰਹੱਦ ਪਾਰ ਅਤਿਵਾਦ ਸਣੇ ਇਸ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਅਤੇ ਦੋਵੇਂ ਆਗੂ ਦੁਵੱਲੀ ਤੇ ਬਹੁਪੱਖੀ ਪ੍ਰਣਾਲੀ ਰਾਹੀਂ ਇਸ ਖ਼ਤਰੇ ਦੇ ਟਾਕਰੇ ਲਈ ਸਹਿਮਤ ਹੋਏ। ਗੱਲਬਾਤ ਮਗਰੋਂ ਜਾਰੀ ਸਾਂਝੇ ਬਿਆਨ ’ਚ ਭਾਰਤ ਤੇ ਕਤਰ ਨੇ ‘ਕੌਮਾਂਤਰੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਤੇ ਕੂਟਨੀਤੀ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।’’ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਕਿਹਾ ਕਿ ਭਾਰਤ ਤੇ ਕਤਰ ਵਿਚਾਲੇ ਸਬੰਧਾਂ ਦੀ ਮਜ਼ਬੂਤੀ ਨਾਲ ਖੇਤਰੀ ਤੇ ਆਲਮੀ ਸਥਿਰਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਸਾਈਬਰ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਜਿਸ ਵਿੱਚ ਅਤਿਵਾਦ, ਕੱਟੜਵਾਦ, ਸਾਮਜਿਕ ਏਕਤਾ ਨੂੰ ਵਿਗਾੜਨ ਲਈ ਸਾਈਬਰਸਪੇਸ ਦੀ ਵਰਤੋਂ ਰੋਕਣ ਦੇ ਤਰੀਕੇ ਸ਼ਾਮਲ ਹਨ, ਬਾਰੇ ਵੀ ਚਰਚਾ ਕੀਤੀ।