ਭਾਰਤ ਆਵਾਸ ਪ੍ਰਾਜੈਕਟਾਂ ਦੇ ਵਿਸਥਾਰ ਦੇ ਤਹਿਤ ਸ੍ਰੀਲੰਕਾ ਦੇ ਚਾਹ ਬਾਗ ਇਲਾਕਿਆਂ ’ਚ 10 ਹਜ਼ਾਰ ਹੋਰ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ। ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਆਵਾਸ ਪ੍ਰਾਜੈਕਟ ਦੇ ਪੜਾਅ ਚਾਰ ਦੇ ਤਹਿਤ ਸ੍ਰੀਲੰਕਾ ਦੇ ਬਾਗਾਂ ਵਾਲੇ ਇਲਾਕਿਆਂ ਵਿਚ ਘਰਾਂ ਦੇ ਨਿਰਮਾਣ ਲਈ ਦੋ ਮਹੱਤਵਪੂਰਣ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ।
ਹਾਈ ਕਮਿਸ਼ਨ ਵਲੋਂ ਜਾਰੀ ਬਿਆਨ ਮੁਤਾਬਕ, ਰਾਸ਼ਟਰੀ ਆਵਾਸ ਵਿਕਾਸ ਅਥਾਰਟੀ ਤੇ ਸੂਬਾਈ ਇੰਜੀਨੀਅਰਿੰਗ ਨਿਗਮ ਦੇ ਨਾਲਘਰਾਂ ਦੇ ਨਿਰਮਾਣ ਲਈ ਦੋ ਅਲੱਗ-ਅਲੱਗ ਸਮਝੌਤੇ ਕੀਤੇ ਗਏ। ਭਾਰਤੀ ਆਵਾਸ ਪ੍ਰਾਜੈਕਟ ਦੇ ਪੜਾਅ ਚਾਰ ’ਚ ਸ੍ਰੀਲੰਕਾ ਦੇ ਛੇ ਸੂਬਿਆਂ ਦੇ 11 ਜ਼ਿਲ੍ਹਿਆਂ ’ਚ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੇ ਤਹਿਤ 60 ਹਜ਼ਾਰ ਘਰਾਂ ਦਾ ਨਿਰਮਾਣ ਕੀਤਾ ਜਾਣਾ ਹੈ। ਪਹਿਲੇ ਦੋ ਪੜਾਵਾਂ ’ਚ ਉੱਤਰੀ ਤੇ ਪੂਰਬੀ ਸੂਬਿਆਂ ’ਚ 46 ਹਜ਼ਾਰ ਘਰਾਂ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਬਾਗਾਂ ਵਾਲੇ ਇਲਾਕਿਆਂ ’ਚ ਚਾਰ ਹਜ਼ਾਰ ਘਰਾਂ ਦੇ ਨਿਰਮਾਣ ਦਾ ਤੀਜਾ ਪੜਾਅ ਪੂਰਾ ਹੋਣ ਵਾਲਾ ਹੈ।