India corona positive count: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ । ਜਿਸਦੇ ਚੱਲਦਿਆਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੇ 75 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ । ਜਿਸਦੇ ਨਾਲ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 830 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ ।
ਦਰਅਸਲ, ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ । ਦੇਸ਼ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਕੇਰਲ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਪਾਏ ਗਏ ਹਨ । ਉੱਥੇ ਹੀ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 38 ਹੋ ਚੁੱਕੀ ਹੈ ।
ਜ਼ਿਕਰਯੋਗ ਹੈਕਿ ਇਸ ਵਾਇਰਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਦਾ ਲਾਕ ਡਾਊਨ ਐਲਾਨ ਕੀਤਾ ਗਿਆ ਹੈ, ਅੱਜ ਜਿਸਦਾ ਚੌਥਾ ਦਿਨ ਹੈ । ਦੇਸ਼ ਵਿੱਚ ਲਾਗੂ ਲਾਕ ਡਾਊਨ ਤੇ ਕਰਫ਼ਿਊ ਕਾਰਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ।
ਉੱਥੇ ਹੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਸੀ ਕਿ ਦੇਸ਼ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਜਿੰਨੇ ਵੀ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਡਾਇਬਟੀਜ਼, ਦਿਲ ਦੇ ਰੋਗਾਂ, ਹਾਈ ਬਲੱਡ ਪ੍ਰੈਸ਼ਰ ਤੇ ਹੋਰ ਬੀਮਾਰੀਆਂ ਤੋਂ ਪੀੜਤ ਸਨ ।