ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਨਾਲ ਹੀ ਜੋ ਲੋਕ ਪਹਿਲਾਂ ਹੀ ਭਾਰਤ ’ਚ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਦੇਸ਼ ਛੱਡਣ ਦੀ ਹਦਾਇਤ ਦਿੱਤੀ ਹੈ। ਅਮਰੀਕੀ ਦੂਤਘਰ ਦੇ ਆਪਣੇ ਕਰਮੀਆਂ ਦੇ ਪਰਿਵਾਰਾਂ ਨੂੰ ਵੀ ਸਮਾਂ ਰਹਿੰਦੇ ਭਾਰਤ ਤੋਂ ਪਰਤਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੀ ਦਲੀਲ ਹੈ ਕਿ ਭਾਰਤ ’ਚ ਕੋਵਿਡ19 ਦੇ ਮਾਮਲੇ ਵਧਣ ਵਿਚਾਲੇ ਹਰ ਤਰ੍ਹਾਂ ਦੀ ਮੈਡੀਕਲ ਦੇਖਭਾਲ ਦੇ ਵਸੀਲੇ ਸੀਮਤ ਹੋ ਗਏ ਹਨ। ਅਮਰੀਕਾ ਨੇ ਭਾਰਤ ’ਤੇ ਚੌਥੇ ਗੇੜ ਦੀ ਯਾਤਰਾ ਸਲਾਹ ਜਾਰੀ ਕੀਤੀ ਹੈ, ਜੋ ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲਾ ਸਭ ਤੋਂ ਜ਼ਿਆਦਾ ਪੱਧਰ ਦੀ ਸਲਾਹ ਹੁੰਦੀ ਹੈ।
ਅਮਰੀਕਾ ਨੇ ਆਖੀ ਇਹ ਗੱਲ
ਸਲਾਹ ’ਚ ਅਮਰੀਕੀ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਜਾਂ ਜਲਦ ਤੋਂ ਜਲਦ ਉੱਥੋਂ ਨਿਕਲਣ ਲਈ ਕਿਹਾ ਗਿਆ ਹੈ, ਕਿਉਂਕਿ ਦੇਸ਼ ’ਚ ਮੌਜੂਦਾ ਸਿਹਤ ਹਾਲਾਤ ਕਾਰਨ ਅਜਿਹਾ ਕਰਨਾ ਸੁਰੱਖਿਅਤ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਟਵੀਟ ਕੀਤਾ, ‘ਭਾਰਤ ’ਚ ਕੋਵਿਡ19 ਦੇ ਮਾਮਲਿਆਂ ਕਾਰਨ ਮੈਡੀਕਲ ਦੇਖਭਾਲ ਦੇ ਵਸੀਲੇ ਬੇਹੱਦ ਸੀਮਤ ਹਨ। ਭਾਰਤ ਛੱਡਣ ਦੀ ਇੱਛਾ ਰੱਖਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਹੁਣ ਉਪਲੱਬਧ ਵਪਾਰਕ ਬਦਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੀਕਾ ਲਈ ਰੋਜ਼ ਚੱਲਣ ਵਾਲੀਆਂ ਉਡਾਣਾਂ ਅਤੇ ਪੈਰਿਸ ਅਤੇ ਫਰੈਂਕਫਰਟ ਤੋਂ ਹੋਣ ਕੇ ਆਉਣ ਵਾਲੀਆਂ ਉਡਾਣਾਂ ਉਪਲੱਬਧ ਹਨ।’
ਦਿੰਦੇ ਰਹਿਣਗੇ ਐਮਰਜੈਂਸੀ ਕਾਊਂਸਲਰ ਸੇਵਾਵਾਂ
ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਅਤੇ ਚੇਨਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਸਥਿਤ ਅਮਰੀਕੀ ਕਾਊਂਸਲੇਟ ਜਨਰਲ ਖੁੱਲ੍ਹੇ ਰਹਿਣਗੇ ਅਤੇ ਐਮਰਜੈਂਸੀ ਕਾਊਂਸਲਰ ਸੇਵਾਵਾਂ ਦਿੰਦੇ ਰਹਿਣਗੇ। ਮਿਸ਼ਨ ਇੰਡੀਆ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਵਾਪਸੀ ਨੂੰ ਵੀ ਅਧਿਕਾਰਤ ਕਰ ਦਿੱਤਾ ਗਿਆ ਹੈ।ਸਿਹਤ ਅਲਰਟ ਜਾਰੀ ਕਰਦੇ ਹੋਏ ਨਵੀਂ ਦਿੱਲੀ ’ਚ ਸਥਿਤ ਅਮਰੀਕੀ ਦੂਤਘਰ ਨੇ ਕਿਹਾ, ‘ਭਾਰਤ ’ਚ ਕੋਵਿਡ19 ਦੇ ਮਾਮਲੇ ਵਧਣ ਕਾਰਨ ਹਰ ਤਰ੍ਹਾਂ ਦੀ ਮੈਡੀਕਲ ਦੇਖਭਾਲ ਬੇਹੱਦ ਸੀਮਤ ਹੋ ਰਹੀ ਹੈ। ਉਸ ਨੇ ਅਮਰੀਕੀ ਨਾਗਰਿਕਾਂ ਨੂੰ ਯਾਤਰਾ ਪਾਬੰਦੀਆਂ ’ਤੇ ਤਾਜ਼ਾ ਜਾਣਕਾਰੀ ਲਈ ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ ’ਤੇ ਜਾਣ ਲਈ ਕਿਹਾ ਹੈ।’