44.02 F
New York, US
February 24, 2025
PreetNama
ਖਾਸ-ਖਬਰਾਂ/Important News

ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ‘ਚ ਆਏਗੀ ਤਬਦੀਲੀ! ਕਸ਼ਮੀਰ, ਪਾਕਿਸਤਾਨ, ਵੀਜ਼ਾ ਨੀਤੀ ਤੇ ਵਪਾਰ ਬਾਰੇ ਬਦਲੇਗਾ ਅਮਰੀਕਾ ਦਾ ਸਟੈਂਡ

ਅਮਰੀਕਾ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਚੋਣ ਨਤੀਜਿਆਂ ਮੁਤਾਬਕ ਅਗਲੇ ਰਾਸ਼ਟਰਪਤੀ ਜੋਅ ਬਾਇਡੇਨ ਹੋਣਗੇ। ਇਸ ਦੇ ਨਾਲ ਹੀ ਚਰਚਾ ਛਿੜੀ ਹੈ ਕਿ ਅਮਰੀਕੀ ਸੱਤਾ ਬਦਲਣ ਨਾਲ ਭਾਰਤ ਉੱਪਰ ਕੀ ਅਸਰ ਹੋਏਗਾ। ਸੁਆਲ ਉੱਠਦਾ ਹੈ ਕਿ ਜੇ ਜੋਅ ਬਾਇਡੇਨ ਅਮਰੀਕਾ ਦੇ ਰਾਸ਼ਟਰਪਤੀ ਬਣਨ ਨਾਲ ਕੀ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਬਦਲ ਜਾਣਗੇ? ਚੀਨ, ਪਾਕਿਸਤਾਨ, ਕਸ਼ਮੀਰ ਬਾਰੇ ਕੀ ਰਾਇ ਰਹੇਗੀ? ਬੇਸ਼ੱਕ ਇਹ ਉਹ ਸੁਆਲ ਹਨ, ਜਿਨ੍ਹਾਂ ਦਾ ਜੁਆਬ ਇਸ ਵੇਲੇ ਭਾਰਤ ਸਰਕਾਰ ਵੀ ਲੱਭ ਰਹੀ ਹੋਵੇਗੀ ਕਿਉਂਕਿ ਇਸੇ ਉੱਤੇ ਭਾਰਤ-ਅਮਰੀਕਾ ਦੇ ਰਿਸ਼ਤਿਆਂ ਦੇ ਅਗਲੇਰੇ ਰਾਹ ਤੈਅ ਹੋਣਗੇ।

ਡੈਮੋਕ੍ਰੈਟਿਕ ਨੀਤੀਆਂ ਮੁਤਾਬਕ ਜੋਅ ਬਾਇਡੇਨ ਦਾ ਪਾਕਿਸਤਾਨ ਪ੍ਰਤੀ ਰਵੱਈਆ ਸਖ਼ਤ ਨਹੀਂ। ਉਝ ਇਸ ਤੋਂ ਪਹਿਲਾਂ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਹੀ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਸਨ, ਤਦ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਕਾਫ਼ੀ ਚੰਗੀ ਦੋਸਤੀ ਸੀ ਪਰ 8 ਸਾਲ ਅਮਰੀਕਾ ਰਾਸ਼ਟਰਪਤੀ ਰਹਿਣ ਦੇ ਬਾਵਜੂਦ ਓਬਾਮਾ ਨੇ ਪਾਕਿਸਤਾਨ ਉੱਤੇ ਆਰਥਿਕ ਪਾਬੰਦੀਆਂ ਦਾ ਸ਼ਿਕੰਜਾ ਨਹੀਂ ਕਸਿਆ ਪਰ ਗ਼ੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਅੱਤਵਾਦ ਦੇ ਮੁੱਦੇ ਉੱਤੇ ਓਬਾਮਾ ਹੀ ਸਨ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਘੁਸ ਕੇ ਓਸਾਮਾ ਬਿਨ ਲਾਦੇਨ ਨੂੰ ਢੇਰ ਕੀਤਾ ਸੀ।
ਉਂਝ ਜੋਅ ਬਾਇਡੇਨ ਭਾਰਤ ਦੀ ਮੋਦੀ ਸਰਕਾਰ ਦੀਆਂ ਕਈ ਨੀਤੀਆਂ ਉੱਤੇ ਸੁਆਲ ਉਠਾ ਚੁੱਕੇ ਹਨ। CAA ਤੇ NRC ਨੂੰ ਲੈ ਕੇ ਵੀ ਬਾਇਡੇਨ ਆਲੋਚਨਾ ਕਰ ਚੁੱਕੇ ਹਨ। ਕੌਮਾਂਤਰੀ ਮੰਚਾਂ ਉੱਤੇ ਗੱਲਬਾਤ ਦੌਰਾਨ ਚਰਚਾ ਵਿੱਚ ਰਹਿਣ ਵਾਲੇ ਭਾਰਤ-ਪਾਕਿਸਤਾਨ ਵਿਚਲੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਵੀ ਬਾਇਡੇਨ ਦੇ ਰਵੱਈਏ ਨੂੰ ਭਾਰਤ ਲਈ ਬਹੁਤਾ ਉਤਸ਼ਾਹਜਨਕ ਨਹੀਂ ਕਿਹਾ ਜਾ ਸਕਦਾ। ਬਾਇਡੇਨ ਤਾਂ ਧਾਰਾ 370 ਖ਼ਤਮ ਕਰਨ ਉੱਤੇ ਵੀ ਸੁਆਲ ਉਠਾ ਚੁੱਕੇ ਹਨ ਪਰ ਕਸ਼ਮੀਰ ਮੁੱਦੇ ਉੱਤੇ ਵਿਚੋਲਗੀ ਦੀ ਗੱਲ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਵੀ ਸਾਫ਼ ਸ਼ਬਦਾਂ ’ਚ ਆਖ ਦਿੱਤਾ ਸੀ ਕਿ ਇਹ ਅੰਦਰੂਨੀ ਮਾਮਲਾ ਹੈ।ਕਾਰੋਬਾਰ ਦੇ ਮਾਮਲੇ ਉੱਤੇ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡੇਨ ਦੀ ਨੀਤੀ ‘ਅਮਰੀਕਾ ਫ਼ਸਟ’ ਵਾਲੀ ਹੀ ਹੈ। ਇੰਝ ਬਾਇਡੇਨ ਦੀਆਂ ਨੀਤੀਆਂ ਨਾਲ ਭਾਰਤ ਨੂੰ ਕੋਈ ਬਹੁਤਾ ਫ਼ਾਇਦਾ ਨਹੀਂ ਹੋਵੇਗਾ। ਉਂਝ ਬਾਇਡੇਨ ਆਪਣੇ ਇੱਕ ਬਿਆਨ ਵਿੱਚ ਅਮਰੀਕਾ ਤੇ ਭਾਰਤ ਦੇ ਮੱਧ ਵਰਗ ਨੂੰ ਉਤਾਂਹ ਚੁੱਕਣ ਲਈ ਕਾਰੋਬਾਰ ਵਧਾਉਣ ਉੱਤੇ ਜ਼ੋਰ ਦੇਣ ਦੀ ਗੱਲ ਆਖ ਚੁੱਕੇ ਹਨ। ਇਹ ਵੀ ਦੱਸ ਦੇਈਏ ਕਿ ਟਰੰਪ ਦੇ ਐੱਚ-1ਬੀ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਦਾ ਵੀ ਬਾਇਡੇਨ ਨੇ ਵਿਰੋਧ ਕੀਤਾ ਸੀ। ਇਹ ਵੀਜ਼ਾ ਰੱਦ ਹੋਣ ਨਾਲ ਭਾਰਤ ਦੇ ਆਈਟੀ ਪ੍ਰੋਫ਼ੈਸ਼ਨਲਜ਼ ਨੂੰ ਨੁਕਸਾਨ ਹੋਇਆ ਹੈ।

ਟਰੰਪ ਵਾਂਗ ਜੋਅ ਬਾਇਡੇਨ ਵੀ ਚੀਨ ਦੇ ਵਿਰੋਧ ’ਚ ਹਨ। ਸਰਹੱਦ ਉੱਤੇ ਹਮਲਾਵਰ ਰੁਖ਼ ਦਾ ਵਿਰੋਧ ਕਰਨ ਵਾਲੇ ਬਾਇਡੇਨ ਚੀਨ ਦੇ ਮਾਮਲੇ ਨੂੰ ਰਣਨੀਤਕ ਤੌਰ ਉੱਤੇ ਸੁਲਝਾਉਣ ਦੀ ਵਕਾਲਤ ਕਰਦੇ ਰਹੇ ਹਨ। ਇਸ ਮਾਮਲੇ ਵਿੱਚ ਬਾਇਡੇਨ ਸਮੇਂ-ਸਮੇਂ ਉੱਤੇ ਭਾਰਤ ਦੀ ਹਮਾਇਤ ਵਿੱਚ ਬਿਆਨ ਦਿੰਦੇ ਰਹੇ ਹਨ। ਪਿੱਛੇ ਜਿਹੇ ਜਦੋਂ ਟਰੰਪ ਨੇ ਭਾਰਤ ਨੂੰ ‘ਗੰਦਾ’ ਆਖਿਆ ਸੀ, ਤਦ ਬਾਇਡੇਨ ਨੇ ਟਰੰਪ ਦੀ ਤਿੱਖੀ ਆਲੋਚਨਾ ਕੀਤੀ ਸੀ।

ਤਦ ਬਾਇਡੇਨ ਨੇ ਆਖਿਆ ਸੀ-ਅਸੀਂ ਭਾਰਤ ਨਾਲ ਆਪਣੀ ਦੋਸਤੀ ਦੀ ਕਦਰ ਕਰਦੇ ਹਾਂ। ਅੱਤਵਾਦ ਵਿਰੁੱਧ ਅਮਰੀਕਾ ਇਸ ਵੇਲੇ ਭਾਰਤ ਨਾਲ ਹੈ। ਅਸੀਂ ਭਾਰਤ ਨਾਲ ਮਿਲ ਕੇ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨੀ ਚਾਹੁੰਦੇ ਹਾਂ, ਜਿੱਥੇ ਚੀਨ ਜਾਂ ਕਿਸੇ ਹੋਰ ਤੋਂ ਆਪਣੇ ਗੁਆਂਢੀ ਨੂੰ ਖ਼ਤਰਾ ਨਾ ਹੋਵੇ।

ਬੇਸ਼ੱਕ ਅਮਰੀਕਾ ਤੇ ਭਾਰਤ ਦੇ ਰਿਸ਼ਤਿਆਂ ਵਿਚਾਲੇ ਕੋਈ ਤਬਦੀਲੀ ਨਹੀਂ ਹੋਏਗੀ ਪਰ ਇਨ੍ਹਾਂ ਦਾ ਰੂਪ ਜ਼ਰੂਰ ਬਦਲੇਗਾ। ਅਮਰੀਕਾ ਦਾ ਕੁਝ ਮੁੱਦਿਆਂ ਪ੍ਰਤੀ ਸਟੈਂਡ ਬਲਦਣਾ ਲਾਜ਼ਮੀ ਹੈ ਜਿਸ ਕਰਕੇ ਰਿਸ਼ਤੇ ਪ੍ਰਭਾਵਿਤ ਜ਼ਰੂਰ ਹੋਣਗੇ।

Related posts

ਚੋਣ ਨੇਮਾਂ ’ਚ ਸੋਧ: ਸੁਪਰੀਮ ਕੋਰਟ ਨੇ ਕੇਂਦਰ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ

On Punjab

ਪਾਕਿਸਤਾਨ ‘ਚ ਅਜਿਹਾ ਕੀ ਹੋਇਆ ਕਿ ਟ੍ਰੈਂਡ ਕਰਨ ਲੱਗਾ Pineapple ,ਹਜ਼ਾਰਾਂ ਲੋਕ ਕਰ ਚੁੱਕੇ ਟਵੀਟ

On Punjab

ਭਾਰਤ ਆਉਣ ਤੋਂ ਪਹਿਲਾਂ ਟਰੰਪ ਨੂੰ ਵੱਡਾ ਝਟਕਾ, ਜਾਣੋ ਕੀ ਹੈ ਮਾਮਲਾ…

On Punjab