india vs Australia 3rd ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਆਖਰੀ ਅਤੇ ਨਿਰਣਾਇਕ ਮੈਚ ਅੱਜ ਦੁਪਹਿਰ 1:30 ਵਜੇ ਤੋਂ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਿਛਲੇ ਦੋ ਮੈਚਾਂ ਵਿਚ ਜਿਸ ਤਰ੍ਹਾਂ ਦੀ ਕ੍ਰਿਕਟ ਵੇਖੀ ਗਈ ਹੈ, ਇਸ ਨੇ ਦੋਵਾਂ ਟੀਮਾਂ ਦੇ ਪੱਧਰ ਨੂੰ ਉੱਚਾ ਕੀਤਾ ਹੈ ਅਤੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦੋਵਾਂ ਟੀਮਾਂ ਵਿਚ ਕੋਈ ਬਹੁਤਾ ਅੰਤਰ ਨਹੀਂ ਹੈ ਅਤੇ ਕੋਈ ਵੀ ਟੀਮ ਤੀਜੇ ਵਨਡੇ ਮੈਚ ਵਿੱਚ ਜਿੱਤ ਹਾਸਿਲ ਕਰ ਸਕਦੀ ਹੈ। ਮੁੰਬਈ ‘ਚ ਖੇਡੇ ਗਏ ਪਹਿਲੇ ਮੈਚ ‘ਚ ਆਸਟ੍ਰੇਲੀਆ ਨੇ ਜਿਸ ਤਰ੍ਹਾਂ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਹੈ , ਉਸ ਮੈਚ ਨੇ ਮੇਜ਼ਬਾਨਾਂ ‘ਤੇ ਸਵਾਲ ਖੜੇ ਕੀਤੇ ਹਨ, ਇਸ ਤੋਂ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਰਾਜਕੋਟ ਵਿੱਚ 3 ਮੈਚਾ ਦੀ ਸੀਰੀਜ਼ ਨੂੰ 1-1 ਨਾਲ ਬਰਾਬਰ ਕੀਤਾ ਹੈ । ਹੁਣ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਮੈਚ ਐਮ ਚਿੰਨਾਸਵਾਮੀ ਵਿਚ ਅੱਜ ਖੇਡਿਆ ਜਾਣਾ ਹੈ ਜੋ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ।
ਬੇਸ਼ੱਕ ਭਾਰਤ ਆਪਣੇ ਘਰ ਵਿੱਚ ਖੇਡ ਰਿਹਾ ਹੈ, ਪਰ ਆਸਟ੍ਰੇਲੀਆ ਨੇ ਭਾਰਤ ਨੂੰ ਸਖਤ ਚੁਣੌਤੀ ਦਿੱਤੀ ਹੈ। ਦੂਜੇ ਮੈਚ ਵਿਚ ਵੀ ਆਸਟ੍ਰੇਲੀਆ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ , ਪਰ ਸਕੋਰ ਬੋਰਡ ‘ਤੇ ਜ਼ਿਆਦਾ ਦੌੜਾਂ ਹੋਣ ਕਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲੌਰ ਵਿਚ ਭਾਰਤ ਦੀ ਟੀਮ ਵਿੱਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਦੂਜੇ ਮੈਚ ਵਿੱਚ ਬੱਲੇਬਾਜ਼ੀ ਦੌਰਾਨ ਧਵਨ ਦੇ ਪੱਸਲੀਆਂ ‘ਚ ਸੱਟ ਲੱਗੀ ਸੀ, ਇਸ ਤੋਂ ਬਾਅਦ ਫੀਲਡਿੰਗ ਦੌਰਾਨ ਰੋਹਿਤ ਵੀ ਜ਼ਖਮੀ ਹੋ ਗਿਆ ਸੀ। ਇਨ੍ਹਾਂ ਦੋਵਾਂ ਦੇ ਜ਼ਖਮੀ ਹੋਣ ਬਾਰੇ ਅਜੇ ਕੋਈ ਸਪੱਸ਼ਟ ਖ਼ਬਰ ਨਹੀਂ ਮਿਲੀ ਹੈ, ਪਰ ਭਾਰਤੀ ਟੀਮ ਵਿਚ ਬਦਲਾਅ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਧਵਨ ਅਤੇ ਰੋਹਿਤ ਵਿਚੋਂ ਕੋਈ ਬਾਹਰ ਹੋ ਜਾਂਦਾ ਹੈ ਤਾਂ ਰਾਹੁਲ ਨੂੰ ਸਲਾਮੀ ਬੱਲੇਬਾਜ਼ ਵਜੋਂ ਦੇਖਿਆ ਜਾ ਸਕਦਾ ਹੈ। ਇੱਥੇ ਫਿਰ ਮਿਡਲ ਆਰਡਰ ਬਾਰੇ ਚਿੰਤਾਵਾਂ ਵਧ ਸਕਦੀਆਂ ਹਨ।
ਦੂਜੇ ਪਾਸੇ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਚਿੰਤਾ ਮੁੱਖ ਤੌਰ ‘ਤੇ ਗੇਂਦਬਾਜ਼ੀ ਹੋਵੇਗੀ ਜਿਸ ਨੇ ਭਾਰਤੀ ਬੱਲੇਬਾਜ਼ਾਂ ਨੂੰ 340 ਦੌੜਾਂ ‘ਤੇ ਪਹੁੰਚਣ ਦਿੱਤਾ ਸੀ। ਫਿੰਚ ਨੇ ਦੂਜੇ ਮੈਚ ਤੋਂ ਪਹਿਲਾਂ ਜੋਸ਼ ਹੇਜ਼ਲਵੁੱਡ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਇਸ਼ਾਰਾ ਕੀਤਾ ਸੀ, ਪਰ ਉਹ ਰਾਜਕੋਟ ਵਿੱਚ ਨਹੀਂ ਖੇਡਿਆ ਸੀ। ਹੁਣ ਜਦੋਂ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਦੂਜੇ ਮੈਚ ਵਿਚ ਅਸਫਲ ਰਹੇ ਸਨ, ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਹੇਜ਼ਲਵੁੱਡ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਟੀਮ ਬੱਲੇਬਾਜ਼ੀ ਨੂੰ ਲੈ ਕਿ ਬਹੁਤੀ ਚਿੰਤਤ ਨਹੀਂ ਹੋਵੇਗੀ।