ਭਾਰਤ ਤੇ ਚੀਨ ਦੀ ਸਰਹੱਦ ‘ਤੇ ਤਣਾਅ ਜਾਰੀ ਹੈ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਐਤਵਾਰ ਨੂੰ ਵੀਡੀਓ ਕਾਲ ਰਾਹੀਂ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਵਾਲ ਤੇ ਚੀਨੀ ਵਿਦੇਸ਼ ਮੰਤਰੀ ਵੈਂਗ ਨੇ ਸਰਹੱਦੀ ਖੇਤਰਾਂ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ਤੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਕੀਤੇ।
ਡੋਵਾਲ ਤੇ ਵੈਂਗ ਯੀ ਦਰਮਿਆਨ ਗੱਲਬਾਤ ਅਜਿਹੇ ਸਮੇਂ ਹੋਈ ਜਦੋਂ ਚੀਨੀ ਫੌਜ ਨੂੰ ਤੰਬੂ ਹਟਾਉਣ ਤੇ ਗਲਵਾਨ ਵੈਲੀ ਦੇ ਕੁਝ ਹਿੱਸਿਆਂ ਤੋਂ ਪਿੱਛੇ ਹੱਟਦੇ ਨਜ਼ਰ ਆਏ। ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਖੇਤਰ ਵਿੱਚ ਫੌਜਾਂ ਦੇ ਪਿੱਛੇ ਹਟਣ ਦਾ ਇਹ ਪਹਿਲਾ ਸੰਕੇਤ ਹੈ।
ਸੂਤਰਾਂ ਨੇ ਦੱਸਿਆ ਕਿ ਦੋਵਾਂ ਪਾਸਿਆਂ ਦੇ ਕੋਰ ਕਮਾਂਡਰਾਂ ਦਰਮਿਆਨ ਹੋਏ ਸਮਝੌਤੇ ਤਹਿਤ ਚੀਨੀ ਫੌਜਾਂ ਪਿੱਛੇ ਹਟ ਗਈਆਂ ਹਨ। ਉਨ੍ਹਾਂ ਕਿਹਾ ਕਿ ਚੀਨੀ ਸੈਨਾ ਨੂੰ ਗਸ਼ਤ ਪੁਆਇੰਟ 14 ‘ਤੇ ਲਾਏ ਗਏ ਟੈਂਟਾਂ ਤੇ ਹੋਰ ਢਾਂਚਿਆਂ ਨੂੰ ਹਟਾਉਂਦੇ ਵੇਖਿਆ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਸੈਨਿਕਾਂ ਦੇ ਵਾਹਨਾਂ ਦੀ ਗਤੀਵਿਧੀ ਵੀ ਗੋਗਰਾ ਹੌਟ ਸਪਰਿੰਗ ਖੇਤਰ ਵਿੱਚ ਵੇਖੀ ਗਈ ਹੈ। ਪੂਰਬੀ ਲੱਦਾਖ ਦੇ ਕਈ ਇਲਾਕਿਆਂ ਵਿਚ ਪਿਛਲੇ ਸੱਤ ਹਫ਼ਤਿਆਂ ਤੋਂ ਭਾਰਤ ਤੇ ਚੀਨੀ ਫੌਜ ਵਿਚਾਲੇ ਰੁਕਾਵਟ ਚੱਲ ਰਹੀ ਹੈ।