ਮਾਸਕੋ: ਭਾਰਤ ਤੇ ਚੀਨ (India and China) ਵਿਚਾਲੇ ਪੂਰਬੀ ਲੱਦਾਖ ’ਚ ਜਾਰੀ ਤਣਾਅ ਬਾਰੇ ਰੂਸ ਨੇ ਵੱਡਾ ਬਿਆਨ ਦਿੱਤਾ ਹੈ। ਰੂਸ (Russia) ਨੇ ਕਿਹਾ ਹੈ ਕਿ ਭਾਰਤ ਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਵਧਣ ਨਾਲ ਖੇਤਰੀ ਅਸਥਿਰਤਾ ਵਧੇਗੀ। ਰੂਸ ਨੇ ਅੱਜ ਕਿਹਾ ਕਿ ਵਿਸ਼ਵ ਅਸ਼ਾਂਤੀ ਤੇ ਅਨਿਸ਼ਚਤਤਾ ਦੌਰਾਨ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਤਣਾਅ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਯੂਰੇਸ਼ੀਆ ਵਿੱਚ ਖੇਤਰੀ ਅਸਥਿਰਤਾ ਨੂੰ ਵਧਾਏਗਾ।
ਰੂਸ ਨੇ ਇਹ ਖ਼ਦਸ਼ਾ ਵੀ ਪ੍ਰਗਟਾਇਆ ਹੈ ਕਿ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਵਧ ਰਹੇ ਤਣਾਅ ਦਾ ਕਈ ਹੋਰ ਦੇਸ਼ ਭੂ-ਰਾਜਨੀਤਕ ਫ਼ਾਇਦਾ ਵੀ ਉਠਾ ਸਕਦੇ ਹਨ। ਇੱਕ ਆਨਲਾਈਨ ਮੀਡੀਆ ਬ੍ਰੀਫ਼ਿੰਗ ’ਚ ਰੂਸ ਦੇ ਉੱਪ ਮਿਸ਼ਨ ਮੁਖੀ ਰੋਮਨ ਬੈਬਸਕਿੱਨ ਨੇ ਕਿਹਾ ਕ ਰੂਸ ਏਸ਼ੀਆਈ ਤਾਕਤਾਂ ਵਿਚਾਲੇ ਵਧ ਰਹੇ ਤਣਾਅ ਨੂੰ ਲੈ ਕੇ ਸੁਭਾਵਕ ਤੌਰ ਉੱਤੇ ਫ਼ਿਕਰਮੰਦ ਹੈ। ਉਨ੍ਹਾਂ ਕਿਹਾ ਕਿ ਇਹ ਵਿਵਾਦ ਹੱਲ ਕਰਨ ਲਈ ਗੱਲਬਾਤ ਦਾ ਰਾਹ ਅਹਿਮ ਹੈ।
ਉਨ੍ਹਾਂ ਕਿਹਾ ਕਿ ਬਹੁਪੱਖੀ ਮੰਚਾਂ ਦੇ ਢਾਂਚੇ ਵਿੱਚ ਸਹਿਯੋਗ ਕਰਨ ਲਈ ਸਨਮਾਨਜਨਕ ਗੱਲਬਾਤ ਇੱਕ ਮੁੱਖ ਰਾਹ ਹੈ।