these players played international cricket: ਕ੍ਰਿਕਟ ਜਗਤ ਵਿੱਚ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਇੱਕ ਨਹੀਂ ਬਲਕਿ ਦੋ ਦੇਸ਼ਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਕ੍ਰਿਕਟਰ ਅਜਿਹੇ ਹੋਏ ਹਨ ਜੋ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਤਰਫੋਂ ਕੌਮਾਂਤਰੀ ਕ੍ਰਿਕਟ ਖੇਡ ਚੁੱਕੇ ਹਨ। ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਕ੍ਰਿਕਟਰਾਂ ਬਾਰੇ ਦੱਸਦੇ ਹਾਂ। ਲਾਹੌਰ ‘ਚ ਜਨਮੇ ਹਾਫਿਜ਼ ਕਰਦਾਰ ਨੇ ਪਾਕਿਸਤਾਨ ਬਣਨ ਤੋਂ ਕਈ ਸਾਲ ਪਹਿਲਾਂ ਭਾਰਤੀ ਟੀਮ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਉਸ ਭਾਰਤੀ ਟੀਮ ਦਾ ਵੀ ਹਿੱਸਾ ਸੀ ਜਿਸ ਨੇ 1946 ਵਿੱਚ ਇੰਗਲੈਂਡ ਦਾ ਦੌਰਾ ਕੀਤਾ ਸੀ।
ਅਬਦੁੱਲ ਹਾਫਿਜ਼ ਕਰਦਾਰ ਨੇ ਭਾਰਤ ਲਈ ਕੁਲ ਤਿੰਨ ਟੈਸਟ ਮੈਚ ਖੇਡੇ। ਹਾਫਿਜ਼ ਨੇ ਵੰਡ ਤੋਂ ਬਾਅਦ ਪਾਕਿਸਤਾਨ ਲਈ 23 ਟੈਸਟ ਮੈਚ ਖੇਡੇ ਸਨ। 1952 ਵਿੱਚ ਅਬਦੁੱਲ ਹਫੀਜ਼ ਕਰਦਾਰ ਨੂੰ ਪਾਕਿਸਤਾਨ ਦੀ ਕਪਤਾਨੀ ਸੌਂਪੀ ਗਈ ਸੀ। ਉਹ ਟੈਸਟ ਕ੍ਰਿਕਟ ਵਿੱਚ ਪਾਕਿਸਤਾਨ ਦੀ ਕਪਤਾਨੀ ਕਰਨ ਵਾਲਾ ਪਹਿਲਾ ਕ੍ਰਿਕਟਰ ਸੀ। ਇਸ ਤੋਂ ਬਾਅਦ ਆਮਿਰ ਇਲਾਹੀ ਦੋਵਾਂ ਦੇਸ਼ਾਂ ਲਈ ਖੇਡਣ ਵਾਲਾ ਖਿਡਾਰੀ ਹੈ। ਇਲਾਹੀ ਨੇ ਆਪਣੇ ਕਰੀਅਰ ਵਿੱਚ ਸਿਰਫ 6 ਟੈਸਟ ਮੈਚ ਖੇਡੇ ਸਨ। ਇਲਾਹੀ ਨੇ ਭਾਰਤ ਲਈ ਸਿਰਫ ਇੱਕ ਮੈਚ ਖੇਡਿਆ ਸੀ ਅਤੇ ਬਾਕੀ ਪੰਜ ਮੈਚਾਂ ਵਿੱਚ ਉਹ ਪਾਕਿਸਤਾਨ ਦੀ ਟੀਮ ਦਾ ਹਿੱਸਾ ਸੀ। ਉਸ ਨੇ ਆਪਣਾ ਪਹਿਲਾ ਮੈਚ 1947 ਵਿੱਚ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਵਿੱਚ ਖੇਡਿਆ ਸੀ।
ਇਸ ਤੋਂ ਇਲਾਵਾ ਆਪਣੇ ਕੈਰੀਅਰ ਵਿੱਚ 9 ਟੈਸਟ ਮੈਚ ਖੇਡਣ ਵਾਲੇ ਗੁਲ ਮੁਹੰਮਦ ਨੇ ਭਾਰਤ ਲਈ ਅੱਠ ਮੈਚ ਖੇਡੇ ਸਨ। ਗੁੱਲ ਉਸ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ 1946 ਵਿੱਚ ਇੰਗਲੈਂਡ ਅਤੇ 1947–48 ਵਿੱਚ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ। 1955 ਵਿੱਚ ਪਾਕਿਸਤਾਨ ਦੀ ਨਾਗਰਿਕਤਾ ਲੈਣ ਤੋਂ ਬਾਅਦ ਉਸ ਨੂੰ ਪਾਕਿਸਤਾਨ ਲਈ ਇੱਕ ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਗੁਲ ਬਾਅਦ ਵਿੱਚ ਕ੍ਰਿਕਟ ਪ੍ਰਸ਼ਾਸਨ ‘ਚ ਸ਼ਾਮਿਲ ਹੋ ਗਿਆ ਅਤੇ 1987 ਤੱਕ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਡਾਇਰੈਕਟਰ ਆਫ਼ ਬੋਰਡ ਰਹੇ ਸਨ।