ਨਵੀਂ ਦਿੱਲੀ: ਪੂਰਬੀ ਲੱਦਾਖ ਦੇ ਗਲਵਾਨ ਘਾਟੀ ‘ਚ ਹਿੰਸਾ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਚੀਨ ਦੇ ਗਲਵਾਨ ਘਾਟੀ ‘ਤੇ ਦਾਅਵੇ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਦੋਵਾਂ ਪੱਖਾਂ ‘ਚ ਬਣੀ ਸਹਿਮਤੀ ਦੇ ਖਿਲਾਫ ਦੱਸਿਆ। ਦਰਅਸਲ ਚੀਨੀ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ ਕਿ ਗਲਵਾਨ ਘਾਟੀ ਦਾ ਇਲਾਕਾ ਹਮੇਸ਼ਾਂ ਚੀਨ ‘ਚ ਰਿਹਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਦੋਵੇਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਇਸ ਸਥਿਤੀ ਨਾਲ ਇਕ ਜ਼ਿੰਮੇਵਾਰ ਤਰੀਕੇ ਨਾਲ ਨਜਿੱਠਿਆ ਜਾਵੇ। ਛੇ ਜੂਨ ਨੂੰ ਸੀਨੀਅਰ ਕਮਾਂਡਰਾਂ ਵਿਚਾਲੇ ਹੋਈ ਸਹਿਮਤੀ ਨੂੰ ਦੋਵਾਂ ਦੇਸ਼ਾਂ ‘ਚ ਇਮਾਨਦਾਰੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਮੇਜਰ ਜਨਰਲ ਪੱਧਰ ਦੀ ਗੱਲਬਾਤ ਬੇਨਤੀਜਾ ਰਹੀ। ਦਰਅਸਲ ਇਸ ਚਰਚਾ ਦੌਰਾਨ ਗਲਵਾਨ ਘਾਟੀ ਤੋਂ ਫੌਜ ਨੂੰ ਪਿਛਾਂਹ ਹਟਣ ਦੀ ਪ੍ਰਕਿਰਿਆ ਨੂੰ ਲਾਗੂ ਕਰਨ ‘ਤੇ ਚਰਚਾ ਹੋਈ ਸੀ। ਛੇ ਜੂਨ ਨੂੰ ਦੋਵਾਂ ਪੱਖਾਂ ਵਿਚ ਉੱਚ ਪੱਧਰੀ ਫੌਜੀ ਵਾਰਤਾ ‘ਚ ਇਸ ‘ਤੇ ਸਹਿਮਤੀ ਬਣੀ ਸੀ।