ਕੋਚੀ: ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਭਾਰਤ ਦੀ ਤਾਕਤ ਇਕਜੁੱਟਤਾ ਵਿੱਚ ਹੈ ਜੋ ਸਫ਼ਲ ਤੇ ਜੇਤੂ ਹੈ। ਇੱਥੇ ਆਰਐੱਸਐੱਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਦੂ ਜੀਵਨ ਸ਼ੈਲੀ ਸਾਰੇ ਮਸਲਿਆਂ ਦਾ ਹੱਲ ਪੇਸ਼ ਕਰਦੀ ਹੈ ਅਤੇ ਦੁਨੀਆ ’ਚ ਸ਼ਾਂਤੀ ਲਿਆਉਂਦੀ ਹੈ। ਭਾਗਵਤ ਨੇ ਕਿਹਾ ਕਿ ਆਰਐੱਸਐੱਸ ਹਿੰਦੂ ਸਮਾਜ ਨੂੰ ਇਕਜੁੱਟ ਕਰ ਰਿਹਾ ਹੈ ਅਤੇ ਧਰਮ ਦੀ ਰਾਖੀ ਕਰਕੇ ਦੁਨੀਆ ਨੂੰ ਸਾਰਥਕ ਹੱਲ ਦੇ ਰਿਹਾ ਹੈ। ਉਨ੍ਹਾਂ ਕਿਹਾ, ‘ਤਬਦੀਲੀ ਸਿਰਫ਼ ਅਵਤਾਰਾਂ ਦੇ ਆਉਣ ਨਾਲ ਨਹੀਂ ਹੁੰਦੀ।’ ਉਨ੍ਹਾਂ ਕਿਹਾ, ‘ਅਜਿਹਾ ਕਿਹਾ ਜਾਂਦਾ ਹੈ ਕਿ ਜੋ ਲੋਕ ਖੁਦ ਦੀ ਰਾਖੀ ਨਹੀਂ ਕਰ ਸਕਦੇ, ਉਨ੍ਹਾਂ ਨੂੰ ਰੱਬ ਵੀ ਨਹੀਂ ਬਚਾ ਸਕਦਾ। ਅਸੀਂ ਭਾਰਤ ਦੀ ਸੰਤਾਨ ਹਾਂ। ਜੇ ਸਾਡੀ ਮਾਤ-ਭੂਮੀ ਲੱਖਾਂ ਬੱਚਿਆਂ ਦੇ ਹੁੰਦਿਆਂ ਹੋਇਆਂ ਵੀ ਕਮਜ਼ੋਰ ਹੋ ਜਾਂਦੀ ਹੈ ਤਾਂ ਸਾਡਾ ਕੀ ਫਰਜ਼ ਹੈ?’ ਉਨ੍ਹਾਂ ਕਿਹਾ, ‘ਇਸ ਫਰਜ਼ ਨੂੰ ਪੂਰਾ ਕਰਨ ਲਈ ਸਾਨੂੰ ਸ਼ਕਤੀ ਦੀ ਲੋੜ ਹੈ ਅਤੇ ਸ਼ਕਤੀ ਨੂੰ ਅਸਰਦਾਰ ਬਣਾਉਣ ਲਈ ਸਾਨੂੰ ਅਨੁਸ਼ਾਸਨ ਤੇ ਗਿਆਨ ਦੀ ਲੋੜ ਹੈ।’ ਭਾਗਵਤ ਨੇ ਕਿਹਾ, ‘ਸਥਿਤੀਆਂ ਦੀ ਪ੍ਰਵਾਹ ਕੀਤੇ ਬਿਨਾਂ ਦ੍ਰਿੜ੍ਹ ਨਿਸ਼ਚੇ ਤੇ ਟੀਚੇ ਦੀ ਅਟੁੱਟ ਭਾਵਨਾ ਜ਼ਰੂਰੀ ਹੈ।’ ਉਨ੍ਹਾਂ ਕਿਹਾ ਕਿ ਸਿਰਫ਼ ਅਜਿਹੇ ਮਨੁੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਆਰਐੱਸਐੱਸ ਦਾ ਮੁੱਖ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਜੰਗਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਨਾਲ ਸਮੱਸਿਆਵਾਂ ਵੀ ਵਧਦੀਆਂ ਜਾ ਰਹੀਆਂ ਹਨ ਹਾਲਾਂਕਿ ਇਨ੍ਹਾਂ ਮਸਲਿਆਂ ਦਾ ਹੱਲ ਭਾਰਤ ਅੰਦਰ ਹੀ ਹੈ।
previous post
next post