ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਅਤੇ ਘੁਸਪੈਠੀਆਂ ਖ਼ਿਲਾਫ਼ ਭਾਰਤੀ ਫੌਜ ਦੀ ਕਾਰਵਾਈ ਨਾਲ ਪਾਕਿਸਤਾਨ ਵਿੱਚ ਹੜਕੰਪ ਮਚਾ ਗਿਆ ਹੈ। ਜਿਸ ਤਰ੍ਹਾਂ ਨਾਲ ਜੰਮੂ-ਕਸ਼ਮੀਰ ਵਿੱਚ ਕਰੀਬ 35 ਹਜ਼ਾਰ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਹੈ ਅਤੇ ਭਾਰਤੀ ਫੌਜ ਨੇ ਪਾਕਿਸਤਾਨੀ ਬੀਏਟੀ (ਬੈਟ) ਦੇ ਜਵਾਨਾਂ ਨੂੰ ਮਾਰਿਆ ਹੈ, ਉਸ ਨਾਲ ਪਾਕਿਸਤਾਨ ਵਿੱਚ ਹਲਚਲ ਹੈ।
ਜਾਣਕਾਰੀ ਅਤੇ ਪ੍ਰਸਾਰਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ.ਫਿਰਦੌਸ ਆਸ਼ਿਕ ਅਵਾਨ ਨੇ ਐਤਵਾਰ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਰਾਜਨੀਤਿਕ ਲੀਡਰਸ਼ਿਪ ਨੂੰ ਇਕੋ ਪਲੇਟਫਾਰਮ ‘ਤੇ ਆਉਣਾ ਚਾਹੀਦਾ ਹੈ ਅਤੇ ਏਕਤਾ ਅਤੇ ਇਕਜੁਟਤਾ ਦਾ ਸੰਦੇਸ਼ ਦੇਣਾ ਚਾਹੀਦਾ ਹੈ।
ਇਸ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਤਵਾਰ ਨੂੰ ਖੇਤਰੀ ਗਤੀਵਿਧੀਆਂ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਉੱਤੇ ਵਿਚਾਰ ਵਟਾਂਦਰੇ ਲਈ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨਐੱਸਸੀ) ਦੀ ਬੈਠਕ ਕੀਤੀ।
ਇਸ ਸਮੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਨੂੰ ਇਸਲਾਮਿਕ ਸਹਿਯੋਗ ਸੰਗਠਨ ਦੇ ਜਨਰਲ ਸਕੱਤਰ ਡਾ: ਯੂਸਫ ਅਹਿਮਦ ਅਲ-ਤਸੇਮੀਨ ਨੂੰ ਕਸ਼ਮੀਰ ਮੁੱਦੇ ‘ਤੇ ਨੋਟਿਸ ਲੈਣ ਦੀ ਬੇਨਤੀ ਕੀਤੀ। ਇਹ ਜਾਣਕਾਰੀ ਰੇਡੀਓ ਪਾਕਿਸਤਾਨ ਨੇ ਆਪਣੀ ਰਿਪੋਰਟ ਵਿੱਚ ਦਿੱਤੀ ਹੈ।
ਦਰਅਸਲ, ਕਸ਼ਮੀਰ ਵਿੱਚ ਹੋ ਰਹੀਆਂ ਰਾਜਨੀਤਿਕ ਹਲਚਲਾਂ ਵਿਚਾਲੇ ਸੈਨਾ ਨੇ ਸ਼ਨੀਵਾਰ ਨੂੰ ਕੰਟਰੋਲ ਰੇਖਾ ਨੇੜੇ ਕੇਰਨ ਸੈਕਟਰ ਵਿੱਚ ਪਾਕਿਸਤਾਨੀ ਸੈਨਾ ਦੇ ਬਾਰਡਰ ਐਕਸ਼ਨ ਟੀਮ (ਬੈਟ) ਦੇ ਹਮਲੇ ਨੂੰ ਅਸਫ਼ਲ ਕਰ ਦਿੱਤਾ ਸੀ।
ਭਾਰਤੀ ਫੌਜ ਦੀ ਕਾਰਵਾਈ ਵਿੱਚ ਬਾਰਡਰ ਐਕਸ਼ਨ ਟੀਮ ਦੇ 5-7 ਜਵਾਨਾਂ ਨੂੰ ਢੇਰ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਭਾਰਤੀ ਫੌਜ ਨੇ ਪਾਕਿ ਸੈਨਾ ਨੂੰ ਪ੍ਰਸਤਾਵ ਭੇਜਿਆ ਕਿ ਕੰਟਰੋਲ ਰੇਖਾ ‘ਤੇ ਮਾਰੇ ਗਏ ਬੈਟ ਸੈਨਿਕਾਂ/ਅੱਤਵਾਦੀਆਂ ਦੀ ਮ੍ਰਿਤਕ ਦੇਹ ਨੂੰ ਲੈ ਜਾਣ।