Donald Trump: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੇਸ਼ ਵਾਪਸ ਜਾ ਚੁੱਕੇ ਹਨ । ਦਰਅਸਲ, ਟਰੰਪ ਭਾਰਤ ਦੌਰੇ ਤੋਂ ਬਹੁਤ ਖੁਸ਼ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਵੀ ਪ੍ਰਸ਼ੰਸਾ ਕਰ ਰਹੇ ਹਨ । ਅਮਰੀਕਾ ਵਾਪਿਸ ਜਾਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਮਹਾਨ ਵਿਅਕਤੀ ਹਨ । ਉਨ੍ਹਾਂ ਕਿਹਾ ਕਿ ਭਾਰਤ ਇੱਕ ਸ਼ਾਨਦਾਰ ਦੇਸ਼ ਹੈ ।
ਸਾਡੇ ਨਾਲ ਉੱਥੇ ਬਹੁਤ ਚੰਗਾ ਵਿਵਹਾਰ ਕੀਤਾ ਗਿਆ । ਉਨ੍ਹਾਂ ਕਿਹਾ ਕਿ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕਾਫ਼ੀ ਤਰੱਕੀ ਹੋਈ ਹੈ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਸਾਡੇ ਅਸਾਧਾਰਣ ਸੰਬੰਧ ਹਨ । ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨਾਲ ਬਹੁਤ ਸਾਰਾ ਕਾਰੋਬਾਰ ਕਰ ਰਹੇ ਹਾਂ ਤੇ ਉਹ ਅਰਬਾਂ ਡਾਲਰ ਅਮਰੀਕਾ ਭੇਜ ਰਹੇ ਹਨ ।
ਦੱਸ ਦੇਈਏ ਕਿ ਭਾਰਤ ਤੋਂ ਅਮਰੀਕਾ ਵਾਪਸ ਆਉਂਦਿਆਂ ਹੀ ਟਰੰਪ ਵੱਲੋਂ ਇੱਕ ਟਵੀਟ ਕੀਤਾ ਗਿਆ । ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਭਾਰਤ ਇੱਕ ਮਹਾਨ ਦੇਸ਼ ਹੈ ਤੇ ਸਾਡਾ ਦੌਰਾ ਬਹੁਤ ਸਫਲ ਰਿਹਾ । ਇਸ ਤੋਂ ਪਹਿਲਾਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਬਹੁਤ ਧਾਰਮਿਕ ਅਤੇ ਸ਼ਾਂਤ ਵਿਅਕਤੀ ਹਨ, ਪਰ ਉਹ ਸਚਮੁੱਚ ਬਹੁਤ ਸਖਤ ਵਿਅਕਤੀ ਹਨ ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਰਾਤ 10 ਵਜੇ ਭਾਰਤ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਅਮਰੀਕਾ ਲਈ ਰਵਾਨਾ ਹੋ ਗਏ ਸਨ । ਇਸ ਤੋਂ ਪਹਿਲਾਂ ਦਿੱਲੀ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ । ਟਰੰਪ ਨੇ ਆਪਣੇ ਦੌਰੇ ਦੌਰਾਨ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਅਤੇ ਆਗਰਾ ਵਿੱਚ ਤਾਜ ਮਹਿਲ ਦਾ ਦੌਰਾ ਵੀ ਕੀਤਾ ।