India Vs South Africa 3rd Test : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਸੀ । ਜਿਸਦੇ ਤੀਸਰੇ ਮੁਕਾਬਲੇ ਵਿੱਚ ਭਾਰਤ ਨੇ ਇਕ ਪਾਰੀ ਅਤੇ 202 ਦੌੜਾਂ ਦੇ ਫਰਕ ਨਾਲ ਜਿੱਤ ਹਾਸਿਲ ਕਰ ਕੇ ਸੀਰੀਜ਼ ‘ਤੇ ਕਬਜਾ ਕਰ ਲਿਆ । ਆਖਰੀ ਟੈਸਟ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਗੇਂਦਬਾਜ਼ੀ ਦੇ ਅੱਗੇ ਮਹਿਮਾਨ ਟੀਮ ਦੇ ਬੱਲੇਬਾਜ਼ ਪਸਤ ਹੋ ਗਏ । ਜਿਸਦੇ ਚੱਲਦਿਆਂ ਦੱਖਣੀ ਅਫਰੀਕਾ ਦੀ ਟੀਮ 162 ਦੌੜਾਂ ‘ਤੇ ਢੇਰ ਹੋ ਗਈ । ਇਸ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਵੱਲੋਂ ਦੱਖਣੀ ਅਫਰੀਕਾ ਨੂੰ ਫਾਲੋਆਨ ਦਿੱਤਾ ਗਿਆ । ਜਿਸ ਤੋਂ ਬਾਅਦ ਫਾਲੋਆਨ ਵਿੱਚ ਵੀ ਦੱਖਣੀ ਅਫਰੀਕੀ ਟੀਮ ਦੇ ਬੱਲੇਬਾਜ਼ ਇਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ ਅੱਗੇ ਗੋਡੇ ਟੇਕਦੇ ਨਜ਼ਰ ਆਏ ਅਤੇ 133 ਦੇ ਸਕੋਰ ‘ਤੇ ਹੀ ਦੱਖਣੀ ਅਫਰੀਕਾ ਦੀ ਟੀਮ ਆਲ ਆਊਟ ਹੋ ਗਈ । ਜਿਸਦੇ ਨਾਲ ਭਾਰਤ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ ।
ਫਾਲੋਆਨ ਖੇਡਣ ਲਈ ਮੈਦਾਨ ‘ਤੇ ਉਤਰੀ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਡੀ.ਕਾਕ ਦੇ ਰੂਪ ਵਿੱਚ ਲੱਗਿਆ. ਜਿਥੇ ਉਨ੍ਹਾਂ ਨੂੰ ਉਮੇਸ਼ ਨੇ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕਰ ਦਿੱਤਾ । ਇਸ ਤੋਂ ਬਾਅਦ ਦੱਖਣ ਅਫਰੀਕਾ ਨੂੰ ਦੂਜਾ ਝਟਕਾ ਜ਼ੁਬੇਰ ਦੇ ਰੂਪ ਵਿੱਚ ਤੇ ਤੀਜਾ ਝਟਕਾ ਫਾਫ ਡੁ ਪਲੇਸਿਸ ਦੇ ਰੂਪ ਵਿੱਚ ਲੱਗਿਆ । ਇਸ ਤੋਂ ਬਾਅਦ ਦੱਖਣੀ ਅਫਰੀਕਾ ਦੀਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ।
ਜੇਕਰ ਇਸ ਮੁਕਾਬਲੇ ਡੀ ਪਹਿਲੀ ਪਾਰੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਦੇ ਓਪਨਰ ਰੋਹਿਤ ਸ਼ਰਮਾ ਨੇ ਇਸ ਮੁਕਾਬਲੇ ਵਿੱਚ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਗਿਆ । ਜਿਸ ਤੋਂ ਬਾਅਦ ਅਜਿੰਕਯ ਰਹਾਨੇ ਵੱਲੋਂ ਜ਼ਬਰਦਸਤ ਸੈਂਕੜਾ ਲਗਾਇਆ ਗਿਆ । ਦੋਂਨਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ 9 ਵਿਕਟਾਂ ਗੁਆ ਕੇ 497 ਦੌੜਾਂ ‘ਤੇ ਐਲਾਨ ਦਿੱਤੀ ।
ਦਰਅਸਲ, ਇਸ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਮਯੰਕ ਦੇ ਰੂਪ ਵਿੱਚ ਲੱਗਿਆ । ਮਯੰਕ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਰਬਾਡਾ ਦੀ ਗੇਂਦ ‘ਤੇ ਐਲਗਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ । ਮਯੰਕ ਦੇ ਆਊਟ ਹੋਣ ਤੋਂ ਬਾਅਦ ਪੁਜਾਰਾ ਵੀ ਆਪਣੀ ਪਾਰੀ ਦਾ ਖਾਤਾ ਨਾ ਖੋਲ ਸਕੇ ਅਤੇ ਰਬਾਡਾ ਦੀ ਗੇਂਦ ‘ਤੇ ਆਊਟ ਹੋ ਪਵੇਲੀਅਨ ਪਰਤ ਗਏ ।
ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ, ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ , ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਹਬਾਜ਼ ਨਦੀਮ, ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਸ਼ਾਮਿਲ ਸਨ ।
ਜਦਕਿ ਦੱਖਣੀ ਅਫਰੀਕਾ ਦੀ ਟੀਮ ਵਿੱਚ ਫਾਫ ਡੂ ਪਲੇਸਿਸ, ਤੇਂਬਾ ਬਾਵੂਮਾ, ਕਵਿੰਟਨ ਡੀ ਕੌਕ, ਡੀਨ ਐਲਗਰ, ਜੁਬੈਰ ਹਮਜ਼ਾ, ਹੇਨਰਿਕ ਕਲਾਸੇਨ, ਜਾਰਜ ਲਿੰਡੇ, ਸੇਨੂਰਨ ਮੁਥੂਸਵਾਮੀ, ਲੁੰਗੀ ਇਨਗਿਡੀ, ਐਰਿਕ ਨਾਟਰਜੇ, ਡੇਨ ਪੀਟ ਅਤੇ ਕੈਗਿਸੋ ਰਬਾਡਾ ਸ਼ਾਮਿਲ ਸਨ ।