ਚੰਡੀਗੜ੍ਹ: ਭਾਰਤ ਨੇ ‘ਰੈਫਰੰਡਮ 2020’ ਸਬੰਧੀ ਗਤੀਵਿਧੀਆਂ ਚਲਾ ਕੇ ਦੇਸ਼ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਹੇਠ ਵਿਦੇਸ਼ੀ ਸੰਸਥਾ ਸਿੱਖਸ ਫਾਰ ਜਸਟਿਸ (SFJ) ‘ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ ਦਿੱਲੀ ਵਿੱਚ ਹੋਈ ਉੱਚ ਪੁਲਿਸ ਅਧਿਕਾਰੀਆਂ ਦੀ ਬੈਠਕ ਵਿੱਚ ਲਿਆ ਗਿਆ ਹੈ।
ਭਾਰਤ ਵਿੱਚ ਦਹਿਸ਼ਤੀ ਗਤੀਵਿਧੀਆਂ ਨੂੰ ਹਵਾ ਦੇਣ ਦੇ ਦੋਸ਼ਾਂ ਹੇਠ ਐਸਐਫਜੇ ਖ਼ਿਲਾਫ਼ ਪੰਜਾਬ ਪੁਲਿਸ ਨੇ ਦਰਜਨ ਤੋਂ ਵੱਧ ਕੇਸ ਦਰਜ ਕੀਤੇ ਹੋਏ ਹਨ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ ਵੀ ਸੰਸਥਾ ਖ਼ਿਲਾਫ਼ ਅਜਿਹੇ ਹੀ ਮਾਮਲੇ ਦਰਜ ਹਨ। ਇੰਨਾ ਹੀ ਨਹੀਂ ਪਾਕਿਸਤਾਨ ਨੇ ਵੀ ਐਸਐਫਜੇ ‘ਤੇ ਅਪਰੈਲ ਮਹੀਨੇ ਵਿੱਚ ਰੋਕ ਲਾ ਦਿੱਤੀ ਸੀ।
ਸਿੱਖਸ ਫਾਰ ਜਸਟਿਸ ਦੇ ਬੁਲਾਰੇ ਗੁਰਪਤਵੰਤ ਸਿੰਘ ਪੰਨੂੰ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਤੇ ਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਮੁਖੀ ਨੂੰ ਧਮਕੀਆਂ ਵੀ ਦੇ ਚੁੱਕਾ ਹੈ। ਕੁਝ ਸਮਾਂ ਪਹਿਲਾਂ ਪੰਨੂੰ ਦਾ ਟਵਿੱਟਰ ਹੈਂਡਲ ਵੀ ਭਾਰਤ ਦੀ ਅਪੀਲ ‘ਤੇ ਮੁਅੱਤਲ ਕੀਤਾ ਗਿਆ ਸੀ।