ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਸ਼ਮੀਰ ਮੁੱਦੇ ਨੂੰ ਲੈ ਕੇ ਬੇਹੱਦ ਗੰਭੀਰ ਨਜ਼ਰ ਆ ਰਹੇ ਹਨ। ਉਨ੍ਹਾਂ ਇੱਕ ਵਾਰ ਫਿਰ ਭਾਰਤ ਨੂੰ ਪਰਮਾਣੂ ਬੰਬ ਦੀ ਧਮਕੀ ਦਿੱਤੀ ਹੈ। ਰੂਸ ਦੇ ਟੀਵੀ ਚੈਨਲ ‘ਰਸ਼ੀਆ ਟੂਡੇ’ ਨੂੰ ਦਿੱਤੀ ਇੰਟਰਵਿਊ ਵਿੱਚ ਇਮਰਾਨ ਖਾਨ ਨੇ ਕਿਹਾ ਹੈ ਕਿ ਕਸ਼ਮੀਰ ਦੇ ਸਬੰਧ ਵਿੱਚ ਦੋ ਪਰਮਾਣੂ ਤਾਕਤ ਵਾਲੇ ਦੇਸ਼ ਆਹਮੋ-ਸਾਹਮਣੇ ਹਨ। ਹਾਲਾਂਕਿ, ਇਮਰਾਨ ਖਾਨ ਨੇ ਮੰਨਿਆ ਹੈ ਕਿ ਪਾਕਿਸਤਾਨ ਭਾਰਤ ਨਾਲ ਲੜਾਈ ਵਿੱਚ ਹਾਰ ਸਕਦਾ ਹੈ। ਇਮਰਾਨ ਨੇ ਮੰਨਿਆ ਹੈ ਕਿ ਕਸ਼ਮੀਰ ਦੇ ਮੁੱਦੇ ਨੂੰ ਦੁਨੀਆ ਤੋਂ ਉਸ ਤਰ੍ਹਾਂ ਦਾ ਸਮਰਥਨ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਮਿਲਣਾ ਚਾਹੀਦਾ ਸੀ।
ਇਮਰਾਨ ਖਾਨ ਨੇ ਕਿਹਾ, ‘ਜਦੋਂ ਦੋ ਪਰਮਾਣੂ ਹਥਿਆਰਬੰਦ ਦੇਸ਼ ਰਵਾਇਤੀ ਲੜਾਈ ਲੜਦੇ ਹਨ ਤਾਂ ਇਸ ਦਾ ਨਤੀਜਾ ਪਰਮਾਣੂ ਯੁੱਧ ਹੁੰਦਾ ਹੈ। ਜੇ ਮੈਂ ਕਹਾਂ ਕਿ ਪਾਕਿਸਤਾਨ ਰਵਾਇਤੀ ਜੰਗ ਵਿੱਚ ਹਾਰ ਰਿਹਾ ਹੈ ਤੇ ਜੇ ਇੱਕ ਦੇਸ਼ ਦੋ ਵਿਕਲਪਾਂ ਵਿੱਚ ਫਸਿਆ ਹੋਇਆ ਹੈ ਤਾਂ ਇਸ ਲਈ ਤੁਸੀਂ ਜਾਂ ਤਾਂ ਆਤਮ ਸਮਰਪਣ ਕਰੋਗੇ ਜਾਂ ਆਖਰੀ ਸਾਹ ਤਕ ਆਪਣੀ ਆਜ਼ਾਦੀ ਲਈ ਲੜੋਗੇ। ਮੈਨੂੰ ਪਤਾ ਹੈ ਕਿ ਪਾਕਿਸਤਾਨ ਆਜ਼ਾਦੀ ਲਈ ਆਖਰੀ ਸਾਹ ਤੱਕ ਲੜਦਾ ਰਹੇਗਾ, ਜਦੋਂ ਇੱਕ ਪਰਮਾਣੂ ਸੰਪੰਨ ਦੇਸ਼ ਆਖ਼ਰੀ ਸਾਹ ਤਕ ਲੜਦਾ ਹੈ ਤਾਂ ਨਤੀਜੇ ਭਿਆਨਕ ਨਹੀਂ ਹਨ।
ਇਮਰਾਨ ਨੇ ਕਿਹਾ,’ਹੁਣ ਭਾਰਤ ਨਾਲ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਜੇ ਕਸ਼ਮੀਰ ਮਸਲਾ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਹੱਲ ਨਾ ਕੀਤਾ ਗਿਆ ਤਾਂ ਇਹ ਆਲਮੀ ਵਪਾਰ ਨੂੰ ਪ੍ਰਭਾਵਤ ਕਰ ਸਕਦਾ ਹੈ।’ ਦੱਸ ਦੇਈਏ ਇਮਰਾਨ ਖਾਨ ਦੇ ‘ਦਿ ਨਿਊਯਾਰਕ ਟਾਈਮਜ਼’ ਵਿੱਚ ਆਪਣੇ ਇੱਕ ਲੇਖ ਵਿੱਚ ਇਸ ਤੋਂ ਪਹਿਲਾਂ ਵੀ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਨਾਲ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਸੀ।