55.27 F
New York, US
April 19, 2025
PreetNama
ਸਮਾਜ/Socialਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

ਦੁਬਈ- ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਰਿਕਾਰਡ ਤੀਜੀ ਵਾਰ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕੀਤੀ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਟੀ-20 ਵਿਸ਼ਵ ਕੱਪ-2024 ਜਿੱਤਣ ਤੋਂ ਬਾਅਦ ਭਾਰਤ ਨੇ ਦੂਜਾ ਆਈਸੀਸੀ ਖਿਤਾਬ ਜਿੱਤਿਆ ਹੈ। ਭਾਰਤ ਨੇ ਟੂਰਨਾਮੈਂਟ ’ਚ ਇੱਕ ਵੀ ਮੈਚ ਗੁਆਏ ਬਿਨਾਂ 2002 ਤੇ 2013 ਤੋਂ ਬਾਅਦ ਤੀਜੀ ਵਾਰ ਖਿਤਾਬ ਹਾਸਲ ਕੀਤਾ ਹੈ। ਹੋਰ ਕੋਈ ਵੀ ਟੀਮ ਤਿੰਨ ਵਾਰ ਇਹ ਟਰਾਫੀ ਨਹੀਂ ਜਿੱਤ ਸਕੀ। ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।ਸਪਿੰਨਰ ਕੁਲਦੀਪ ਯਾਦਵ ਤੇ ਵਰੁਣ ਚਕਰਵਰਤੀ ਨੇ ਹਾਲਾਤ ਦਾ ਫਾਇਦਾ ਉਠਾਉਂਦਿਆਂ ਬਿਹਤਰੀਨ ਗੇਂਦਬਾਜ਼ੀ ਕੀਤੀ ਪਰ ਡੈਰਿਲ ਮਿਸ਼ੇਲ ਤੇ ਮਾਈਕਲ ਬ੍ਰੇਸਵੈੱਲ ਨੇ ਸੰਜਮ ਨਾਲ ਨੀਮ ਸੈਂਕੜੇ ਜੜਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਸੱਤ ਵਿਕਟਾਂ ’ਤੇ 251 ਦੌੜਾਂ ਦਾ ਮਜ਼ਬੂਤ ਸਕੋਰ ਦਿੱਤਾ। ਰੋਹਿਤ ਸ਼ਰਮਾ ਨੇ 83 ਗੇਂਦਾਂ ’ਚ 76 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖੀ ਤੇ ਭਾਰਤ ਨੇ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਐੱਲ ਰਾਹੁਲ ਨੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦਿਆਂ ਨਾਬਾਦ 34 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ ਤੇ ਪਹਿਲੀ ਵਿਕਟ ਲਈ ਰੋਹਿਤ ਨਾਲ ਮਿਲ ਕੇ 105 ਦੌੜਾਂ ਜੋੜੀਆਂ। ਵਿਰਾਟ ਕੋਹਲੀ ਸਿਰਫ਼ ਇੱਕ ਦੌੜ ਹੀ ਬਣਾ ਸਕਿਆ। ਸ਼੍ਰੇਅਸ ਅਈਅਰ ਨੇ 48 ਤੇ ਅਕਸ਼ਰ ਪਟੇਲ ਨੇ 29 ਦੌੜਾਂ ਦਾ ਯੋਗਦਾਨ ਪਾਇਆ।

ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਰਹੀ। ਟੀਮ ਨੇ ਦਸ ਓਵਰਾਂ ਵਿੱਚ ਇੱਕ ਵਿਕਟ ’ਤੇ 69 ਦੌੜਾਂ ਬਣਾਈਆਂ। ਛੇਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਵਰੁਣ ਚੱਕਰਵਰਤੀ ਨੇ ਵਿਲ ਯੰਗ ਨੂੰ ਪੈਵੇਲੀਅਨ ਵਾਪਸ ਭੇਜਿਆ। ਮਗਰੋਂ ਕਪਤਾਨ ਰੋਹਿਤ ਸ਼ਰਮਾ ਨੇ 11ਵੇਂ ਓਵਰ ਵਿੱਚ ਗੇਂਦ ਸਪਿੰਨਰ ਕੁਲਦੀਪ ਯਾਦਵ ਨੂੰ ਸੌਂਪ ਦਿੱਤੀ, ਜਿਸ ਨੇ ਇੱਕ ਵਾਰ ਤਾਂ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਉਸ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਰਚਿਨ ਰਵਿੰਦਰਾ ਨੂੰ ਆਊਟ ਕਰ ਦਿੱਤਾ। ਆਪਣੇ ਅਗਲੇ ਓਵਰ ਵਿੱਚ ਉਸ ਨੇ ਕੇਨ ਵਿਲੀਅਮਸਨ ਦਾ ਰਿਟਰਨ ਕੈਚ ਲੈ ਕੇ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਦਿੱਤਾ। ਨਿਊਜ਼ੀਲੈਂਡ ਨੇ 12.2 ਓਵਰਾਂ ਵਿੱਚ 75 ਦੌੜਾਂ ’ਤੇ 3 ਵਿਕਟਾਂ ਗੁਆ ਲਈਆਂ। ਨਿਊਜ਼ੀਲੈਂਡ ਦੀ ਟੀਮ ਭਾਰਤ ਦੇ ਸਪਿੰਨ ਹਮਲੇ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਅਗਲੀਆਂ 81 ਗੇਂਦਾਂ ਵਿੱਚ ਕੋਈ ਚੌਕਾ ਨਹੀਂ ਮਾਰ ਸਕੀ। ਇਸ ਮਗਰੋਂ ਗਲੈੱਨ ਫਿਲਿਪਸ ਨੇ ਕੁਲਦੀਪ ਦੀ ਗੇਂਦ ’ਤੇ ਛੱਕਾ ਮਾਰ ਕੇ ਟੀਮ ਨੂੰ ਦਬਾਅ ’ਚੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ।

ਕੁਲਦੀਪ ਅਤੇ ਵਰੁਣ ਨੂੰ ਪਿੱਚ ਤੋਂ ਕਾਫੀ ਮਦਦ ਮਿਲੀ, ਜਦਕਿ ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ ਆਪਣੀ ਗਤੀ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ। ਭਾਰਤੀ ਸਪਿੰਨਰਾਂ ਨੇ 38 ਓਵਰ ਸੁੱਟੇ ਅਤੇ ਸਿਰਫ਼ 144 ਦੌੜਾਂ ਦਿੱਤੀਆਂ। ਵਰੁਣ ਨੇ ਫਿਲਿਪਸ ਨੂੰ ਆਊਟ ਕਰਕੇ ਪੰਜਵੀਂ ਵਿਕਟ ਲਈ 57 ਦੌੜਾਂ ਦੀ ਭਾਈਵਾਲੀ ਤੋੜੀ। ਫਿਲਿਪਸ ਉਸ ਦੀ ਗੁਗਲੀ ਦਾ ਸ਼ਿਕਾਰ ਹੋਇਆ। ਦੂਜੇ ਸਿਰੇ ਤੋਂ ਮਿਸ਼ੇਲ ਹੌਲੀ-ਹੌਲੀ ਸਕੋਰ ਅੱਗੇ ਵਧਾਉਂਦਾ ਰਿਹਾ ਅਤੇ 91 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ ਬ੍ਰੇਸਵੈੱਲ ਨਾਲ ਛੇਵੀਂ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕੀਤੀ। ਮਗਰੋਂ ਸ਼ਮੀ ਨੇ ਉਸ ਨੂੰ ਪੈਵੇਲੀਅਨ ਵਾਪਸ ਭੇਜਿਆ। ਨਿਊਜ਼ੀਲੈਂਡ ਨੇ ਆਖਰੀ ਪੰਜ ਓਵਰਾਂ ਵਿੱਚ ਕੁੱਲ 50 ਦੌੜਾਂ ਬਣਾਈਆਂ।

ਰੋਹਿਤ ਵੱਲੋਂ ਆਈਸੀਸੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹਿਲੀ ਵਾਰ ਨੀਮ ਸੈਂਕੜਾ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਨੀਮ ਸੈਂਕੜਾ ਜੜਿਆ ਜੋ ਉਸ ਦਾ ਆਈਸੀਸੀ ਟੂਰਨਾਮੈਂਟ ਦੇ ਕਿਸੇ ਖ਼ਿਤਾਬੀ ਮੁਕਾਬਲੇ ਵਿੱਚ ਪਹਿਲਾ ਨੀਮ ਸੈਂਕੜਾ ਹੈ। ਨਿਊਜ਼ੀਲੈਂਡ ਖ਼ਿਲਾਫ਼ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ ’ਚ 252 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਕਪਤਾਨ ਨੇ 83 ਗੇਂਦਾਂ ’ਚ ਸ਼ਾਨਦਾਰ 76 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦਾ ਆਈਸੀਸੀ ਮੁਕਾਬਲਿਆਂ ਦੇ ਫਾਈਨਲ ’ਚ ਇਹ ਸਭ ਤੋਂ ਬਿਹਤਰੀਨ ਸਕੋਰ ਹੈ। ਰੋਹਿਤ ਹੁਣ ਸੌਰਵ ਗਾਂਗੁਲੀ (117 ਦੌੜਾਂ), ਸਨਤ ਜੈਸੂਰਿਆ (74) ਅਤੇ ਦੱਖਣੀ ਅਫ਼ਰੀਕਾ ਦੇ ਹੰਸੀ ਕਰੋਨੇ (ਨਾਬਾਦ 61 ਦੌੜਾਂ) ਦੀ ਸੂਚੀ ’ਚ ਸ਼ੁਮਾਰ ਹੋ ਗਏ ਹਨ ਜਿਨ੍ਹਾਂ ਨੇ ਕਪਤਾਨ ਰਹਿੰਦਿਆਂ ਅਹਿਮ ਟੂਰਨਾਮੈਂਟਾਂ ਦੇ ਫਾਈਨਲ ’ਚ ਨੀਮ ਸੈਂਕੜੇ ਜੜੇ ਸਨ। ਰੋਹਿਤ ਨੇ 2008 ਦੀ ਕਾਮਨਵੈਲਥ ਬੈਂਕ ਸੀਰੀਜ਼ ਦੌਰਾਨ ਐੱਸਸੀਜੀ ’ਚ ਆਸਟਰੇਲੀਆ ਖ਼ਿਲਾਫ਼ 66 ਦੌੜਾਂ ਬਣਾਈਆਂ ਸਨ ਅਤੇ ਅੱਜ ਬਣਾਈਆਂ 76 ਦੌੜਾਂ ਇਕ ਰੋਜ਼ਾ ਮੈਚਾਂ ਦੇ ਫਾਈਨਲ ’ਚ ਸਭ ਤੋਂ ਵਧ ਦੌੜਾਂ ਹਨ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਟੀਮ ਨੂੰ ਜਿੱਤ ਦੀ ਵਧਾਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਲਈ ਭਾਰਤੀ ਕ੍ਰਿਕਟ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਕਿਹਾ, ‘ਇੱਕ ਅਸਧਾਰਨ ਮੁਕਾਬਲਾ ਤੇ ਇੱਕ ਅਸਧਾਰਨ ਨਤੀਜਾ। ਆਈਸੀਸੀ ਚੈਂਪੀਅਨਜ਼ ਟਰਾਫੀ ਘਰ ਲਿਆਉਣ ਲਈ ਸਾਨੂੰ ਆਪਣੀ ਕ੍ਰਿਕਟ ਟੀਮ ’ਤੇ ਮਾਣ ਹੈ।’ ਉਨ੍ਹਾਂ ਕਿਹਾ, ‘ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ਾਨਦਾਰ ਹਰਫਨਮੌਲਾ ਪ੍ਰਦਰਸ਼ਨ ਲਈ ਸਾਡੀ ਟੀਮ ਨੂੰ ਵਧਾਈ।’ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਹੋਰਾਂ ਨੇ ਵੀ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ।

Related posts

Agricultural bills: ਜੰਤਰ-ਮੰਤਰ ਧਰਨੇ ‘ਤੇ ਇਕੱਠੇ ਹੋਏ ਸੀਐੱਮ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ

On Punjab

ਚੰਡੀਗੜ੍ਹ ਕੰਸਰਟ ਮਗਰੋਂ ਏਪੀ ਢਿੱਲੋਂ ਤੇ ਦਿਲਜੀਤ ਵਿਚਾਲੇ ਬਹਿਸ ਛਿੜੀ

On Punjab

ਇਜ਼ਰਾਈਲ ‘ਚ ਐਂਟੀ-ਮਿਜ਼ਾਈਲ Underground ਬਲੱਡ ਬੈਂਕ ਸ਼ੁਰੂ, ਜ਼ਖ਼ਮੀ ਇਜ਼ਰਾਈਲੀ ਸੈਨਿਕਾਂ ਤੱਕ ਪਹੁੰਚ ਰਹੀ ਹੈ ਸਪਲਾਈ

On Punjab