ਪਰਥ-India vs Aus 1st Test: ਮੇਜ਼ਬਾਨ ਆਸਟਰੇਲੀਆ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਦੇ ਇਥੇ ਖੇਡੇ ਜਾ ਰਹੇ ਪਹਿਲੇ ਮੈਚ ਦੇ ਪਹਿਲੇ ਹੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਟੀਮ 150 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਵੱਲੋਂ ਆਪਣਾ ਪਹਿਲਾ ਹੀ ਮੈਚ ਖੇਡ ਰਹੇ ਨਿਤੀਸ਼ ਰੈੱਡੀ ਦੀਆਂ 41 ਦੌੜਾਂ ਅਤੇ ਰਿਸ਼ਭ ਪੰਤ ਦੀ ਛੋਟੀ ਪਰ ਦਲੇਰਾਨਾ ਪਾਰੀ ਸਦਕਾਰ ਹੀ ਭਾਰਤ ਡੇਢ ਸੈਂਕੜੇ ਦੇ ਸਕੋਰ ਤੱਕ ਪੁੱਜ ਸਕਿਆ, ਨਹੀਂ ਤਾਂ ਮਹਿਮਾਨ ਟੀਮ ਦੀ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਸੀ।
ਕਪਤਾਨ ਜਸਪ੍ਰੀਤ ਬੁਮਰਾਹ ਵੱਲੋਂ ਉਛਾਲ ਭਰੀ ਪਿਚ ਉਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਗਿਆ ਹੈਰਾਨੀਜਨਕ ਫੈਸਲਾ ਭਾਰਤ ਲਈ ਮਾਰੂ ਸਾਬਤ ਹੋਇਆ। ਭਾਰਤ ਲਈ ਪੰਤ ਨੇ 78 ਗੇਂਦਾਂ ‘ਤੇ 37 ਦੌੜਾਂ ਬਣਾਈਆਂ, ਜਿਸ ਨੇ ਪੈਟ ਕਮਿੰਜ਼ ਦੀ ਗੇਂਦ ‘ਤੇ ਬੈਕਵਰਡ ਸਕੁਏਅਰ ਲੈੱਗ ‘ਤੇ ਨੋ-ਲੁੱਕ ਛੱਕਾ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਨੂੰ ਰੈੱਡੀ ਦੇ ਰੂਪ ਵਿਚ ਇਕ ਵਧੀਆ ਸਾਥੀ ਮਿਲਿਆ ਤੇ ਦੋਵਾਂ ਨੇ ਭਾਰਤ ਦੇ ਸਿਖਰਲੇ ਕ੍ਰਮ ਦੇ ਢਹਿ ਢੇਰੀ ਹੋਣ ਤੋਂ ਬਾਅਦ ਸੱਤਵੀਂ ਵਿਕਟ ਲਈ 48 ਦੌੜਾਂ ਜੋੜੀਆਂ।
ਪਿਚ ਦੇ ਜ਼ੋਰਦਾਰ ਬਾਊਂਸ ਸਦਕਾ ਭਾਰਤੀ ਬੱਲੇਬਾਜ਼ਾਂ ਨੂੰ ਮਿਸ਼ੇਲ ਸਟਾਰਕ (11 ਓਵਰਾਂ ਵਿੱਚ 14 ਦੌੜਾਂ ਦੇ ਕੇ 2 ਵਿਕਟਾਂ) ਅਤੇ ਜੋਸ਼ ਹੇਜ਼ਲਵੁੱਡ (13 ਓਵਰਾਂ ਵਿੱਚ 29 ਦੌੜਾਂ ਦੇ ਕੇ 4 ਵਿਕਟਾਂ) ਨੇ ਬਹੁਤ ਪ੍ਰੇਸ਼ਾਨ ਕੀਤਾ। ਸਟਾਰਕ ਨੇ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ (0) ਅਤੇ ਕੇਐੱਲ ਰਾਹੁਲ (26) ਨੂੰ ਆਪਣੇ ਸ਼ਿਕਾਰ ਬਣਾਇਆ। ਇਸੇ ਤਰ੍ਹਾਂ ਹੇਜ਼ਲਵੁੱਡ ਨੇ ਦੇਵਦੱਤ ਪਡਿੱਕਲ (0), ਵਿਰਾਟ ਕੋਹਲੀ (5), ਹਰਸ਼ਿਤ ਰਾਣਾ (7) ਅਤੇ ਕਪਤਾਨ ਜਪ੍ਰੀਤ ਬੁਮਰਾਹ (8) ਨੂੰ ਪੈਵੇਲਿਅਨ ਵਾਪਸ ਭੇਜਿਆ।
ਪੈਟ ਕਮਿਨਜ਼ ਨੇ ਵੀ 15.4 ਓਵਰਾਂ ਵਿਚ 67 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਉਸ ਨੇ ਪੰਤ ਤੇ ਰੈਡੀ ਨੂੰ ਆਊੁਟ ਕੀਤਾ। ਦੋ ਵਿਕਟਾਂ ਮਿਸ਼ੇਲ ਮਾਰਸ਼ ਨੇ 5 ਓਵਰਾਂ ਵਿਚ 12 ਦੌੜਾਂ ਬਦਲੇ ਝਟਕਾਈਆਂ। ਉਸ ਨੇ ਧਰੁਵ ਜੁਰੇਲ (11) ਅਤੇ ਵਾਸ਼ਿੰਗਟਨ ਸੁੰਦਰ (4) ਨੂੰ ਆਪਣੇ ਸ਼ਿਕਾਰ ਬਣਾਇਆ, ਜਦੋਂਕਿ ਮੁਹਮੰਦ ਸ਼ਿਰਾਜ ਸਿਫ਼ਰ ’ਤੇ ਨਾਬਾਦ ਰਹੇ।
ਕੁੱਲ ਮਿਲਾ ਕੇ ਭਾਰਤ ਦੇ ਸੱਤ ਬੱਲੇਬਾਜ਼ਾਂ ਦਾ ਨਿਜੀ ਸਕੋਰ ਦੋਹਰੇ ਅੰਕੜੇ ਵਿਚ ਨਹੀਂ ਪੁੱਜਾ। ਭਾਰਤ ਦੀ ਪਹਿਲੀ ਵਿਕਟ 5 ਦੇ ਸਕੋਰ ਉਤੇ ਜੈਸਵਾਲ ਦੇ ਰੂਪ ਵਿਚ ਡਿੱਗੀ ਤੇ 50 ਦੇ ਸਕੋਰ ਤੱਕ ਪੁੱਜਣ ਤੋਂ ਪਹਿਲਾਂ ਭਾਰਤ ਦੇ 4 ਬੱਲੇਬਾ਼ਜ਼ ਆਊੁਟ ਹੋ ਚੁੱਕੇ ਸਨ।