ਕੈਨੇਡਾ ’ਚ ਕੁਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫ਼ੈਸਲੇ ਦਾ ਕੈਨੇਡਾ ਨੇ ਸਵਾਗਤ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਡਿਪਲੋਮੈਟਿਕ ਵਿਵਾਦ ਦਰਮਿਆਨ ਚਿੰਤਾਜਨਕ ਸਮੇਂ ਤੋਂ ਬਾਅਦ ਇਹ ਕਦਮ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸੇਵਾਵਾਂ ਨੂੰ ਮੁਅੱਤਲ ਕੀਤਾ ਹੀ ਨਹੀਂ ਜਾਣਾ ਚਾਹੀਦਾ ਸੀ।
ਕੈਨੇਡਾ ਦੇ ਇਕ ਹੋਰ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਵੀਜ਼ਾ ਪ੍ਰਕਿਰਿਆ ਮੁੜ ਸ਼ੁਰੂ ਹੋਣਾ ਚੰਗੀ ਖ਼ਬਰ ਹੈ। ਗਲੋਬਲ ਅਫੇਅਰਜ਼ ਕੈਨੇਡਾ (ਜੀਏਸੀ) ਜਿਹੜਾ ਕੈਨੇਡਾ ਦੇ ਡਿਪਲੋਮੈਟਿਕ ਤੇ ਕਾਊਂਸਲਰ ਸਬੰਧਾਂ ਦਾ ਪ੍ਰਬੰਧਨ ਕਰਨ ਵਾਲਾ ਵਿਭਾਗ ਹੈ, ਦੀ ਤਰਜਮਾਨ ਮੈਰੀਲੀਨ ਗਵੇਰਮੋਂਟ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਜੀਏਸੀ ਕੈਨੇਡੀਅਨ ਲੋਕਾਂ ਲਈ ਵੀਜ਼ੇ ਦੀਆਂ ਕੁਝ ਸ਼੍ਰੇਣੀਆਂ ਨੂੰ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫ਼ੈਸਲੇ ਤੋਂ ਜਾਣੂ ਹੈ। ਕੈਨੇਡਾ ਤੇ ਭਾਰਤ ਦੇ ਲੋਕਾਂ ਵਿਚਾਲੇ ਅਹਿਮ ਸਬੰਧ ਹਨ। ਇਸ ਫ਼ੈਸਲੇ ਨਾਲ ਲੋਕਾਂ ਦੇ ਪਰਿਵਾਰਾਂ ਲਈ ਦੋਵਾਂ ਦੇਸ਼ਾਂ ਵਿਚਾਲੇ ਯਾਤਰਾ ਕਰਨੀ ਆਸਾਨ ਹੋ ਜਾਵੇਗੀ। ਕੈਨੇਡਾ-ਭਾਰਤ ਬਿਜ਼ਨਸ ਕਾਊਂਸਲਰ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਤੇ ਕਾਨਫਰੰਸ ਵੀਜ਼ਾ ਸੇਵਾਵਾਂ 26 ਅਕਤੂਬਰ ਤੋਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸੰਭਾਵਤ ਸ਼ਮੂਲੀਅਤ ਦੇ ਪੀਐੱਮ ਜਸਟਿਨ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਨਵੀਂ ਦਿੱਲੀ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ।
