ਅਫ਼ਗਾਨਿਸਤਾਨ ਦਹਿਸ਼ਤ ਦੀ ਗ੍ਰਿਫ਼ਤ ’ਚ ਹੀ ਨਹੀਂ, ਹੁਣ ਭੁੱਖਮਰੀ ਦੇ ਕੰਢੇ ’ਤੇ ਵੀ ਹੈ। ਕਰੀਬ 3.60 ਕਰੋਡ਼ ਦੀ ਆਬਾਦੀ ਦਾਣੇ-ਦਾਣੇ ਲਈ ਮੋਹਤਾਜ਼ ਹੋਣ ਵਾਲੀ ਹੈ। ਇਸ ਸਬੰਧ ’ਚ ਸੰਯੁਕਤ ਰਾਸ਼ਟਰ ਦੇ ਇਕ ਸੀਨੀਅਰ ਅਫ਼ਸਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸੇ ਮਹੀਨੇ ਦੇ ਅੰਤ ਤਕ ਦੀ ਹੀ ਖ਼ੁਰਾਕ ਦੇਸ਼ ’ਚ ਬਚੀ ਹੈ। ਪਹਿਲਾਂ ਤੋਂ ਹੀ ਆਫ਼ਤ ਦੇ ਮਾਰੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਖਾਣਾ ਮੁਹੱਈਆ ਕਰਾਉਣ ਲਈ 20 ਕਰੋਡ਼ ਡਾਲਰ (ਕਰੀਬ 1461 ਕਰੋਡ਼ ਰੁਪਏ) ਰਕਮ ਦੀ ਤਤਕਾਲ ਲੋਡ਼ ਹੈ। ਨਾਲ ਹੀ ਅੰਤਰਰਾਸ਼ਟਰੀ ਫ਼ਿਰਕੇ ਨੂੰ ਇਨ੍ਹਾਂ ਲੋਕਾਂ ਦੇ ਖਾਣੇ ਦੀ ਵਿਵਸਥਾ ਕਰਨ ਲਈ ਤਤਕਾਲ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਉਪ ਪ੍ਰਤੀਨਿਧ ਤੇ ਅਫ਼ਗਾਨਿਸਤਾਨ ’ਚ ਮਨੁੱਖੀ ਅਧਿਕਾਰ ਕਨਵੀਨਰ ਰਾਮਿਜ ਅਲਕਬਾਰੋਵ ਨੇ ਵੀਰਵਾਰ ਨੂੰ ਕਿਹਾ ਕਿ ਇਸ ਜੰਗ ਪ੍ਰਭਾਵਿਤ ਦੇਸ਼ ’ਚ ਘੱਟੋ ਘੱਟ ਇਕ ਤਿਹਾਈ ਲੋਕ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਨੂੰ ਹਰ ਰੋਜ਼ ਖਾਣਾ ਮਿਲੇਗਾ ਜਾਂ ਨਹੀਂ। ਇੱਥੇ ਇਹੀ ਹਾਲਤ ਹੈ। ਉਨ੍ਹਾਂ ਕਾਬੁਲ ’ਚ ਇਕ ਵਰਚੂਅਲ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਵਿਸ਼ਵ ਖ਼ੁਰਾਕ ਪ੍ਰੋਗਰਾਮ ਦੇ ਤਹਿਤ ਅਫ਼ਗਾਨਿਸਤਾਨ ’ਚ ਆਇਆ ਅਨਾਜ ਸਤੰਬਰ ਦੇ ਅੰਤ ਤਕ ਹੀ ਹੈ। ਸਾਡਾ ਪੂਰਾ ਸਟਾਕ ਖ਼ਤਮ ਹੋ ਜਾਵੇਗਾ। ਅਸੀਂ ਇੱਥੋਂ ਦੇ ਲੋਕਾਂ ਨੂੰ ਜ਼ਰੂਰੀ ਖ਼ੁਰਾਕੀ ਸਮੱਗਰੀ ਨਹੀਂ ਦੇ ਸਕਾਂਗੇ ਕਿਉਂਕਿ ਸਾਡਾ ਖਾਣੇ ਦਾ ਪੂਰਾ ਭੰਡਾਰ ਹੀ ਖ਼ਤਮ ਹੋ ਚੁੱਕਾ ਹੈ। ਖਾਣੇ ਦੀ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਸਾਨੂੰ 20 ਕਰੋਡ਼ ਡਾਲਰ ਦੀ ਲੋਡ਼ ਹੈ। ਤਾਂ ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਨੂੰ ਖ਼ੁਰਾਕ ਮੁਹੱਈਆ ਕਰਾਈ ਜਾ ਸਕੇ। ਅਫ਼ਗਾਨਿਸਤਾਨ ਦੇ ਪੀਡ਼ਤ ਬੱਚਿਆਂ ਲਈ ਸਭ ਤੋਂ ਜ਼ਿਆਦਾ ਚਿੰਤਾ ਪ੍ਰਗਟਾਈ ਗਈ ਹੈ। ਦੇਸ਼ ਦੇ ਅੱਧੇ ਤੋਂ ਜ਼ਿਆਦਾ ਬੱਚੇ ਪੰਜ ਸਾਲ ਤੋਂ ਘੱਟ ਦੀ ਉਮਰ ਦੇ ਹਨ ਜਿਹਡ਼ੇ ਜ਼ਿਆਦਾ ਕੁਪੋਸ਼ਿਤ ਹਨ। ਹੁਣ ਇਨ੍ਹਾਂ ਬੱਚਿਆਂ ਨੂੰ ਖਾਣਾ ਮਿਲੇਗਾ ਹੀ ਨਹੀਂ। ਉਨ੍ਹਾਂ ਕਿਹਾ ਕਿ ਖ਼ੁਰਾਕੀ ਅਸੁਰੱਖਿਆ ਹੁਣ ਪੂਰੇ ਦੇਸ਼ ’ਚ ਘਰ ਕਰ ਚੁੱਕੀ ਹੈ। ਅਜਿਹਾ ਤਦੋਂ ਹੈ ਜਦੋਂ ਛੇ ਲੱਖ ਤੋਂ ਜ਼ਿਆਦਾ ਅਫ਼ਗਾਨੀ ਲੋਕ ਪਹਿਲਾਂ ਹੀ ਬੇਘਰ ਹੋ ਚੁੱਕੇ ਹਨ।
ਹਾਲੇ ਪਿਛਲੇ ਹੀ ਦਿਨੀਂ ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ ਟਰੱਕਾਂ ਦੇ ਜ਼ਰੀਏ ਕਰੀਬ 600 ਮੀਟ੍ਰਿਕ ਟਨ ਖ਼ੁਰਾਕ ਅਫ਼ਗਾਨਿਸਤਾਨ ਭੇਜੀ ਗਈ ਸੀ। ਕਾਬੁਲ ਹਵਾਈ ਅੱਡੇ ’ਤੇ ਮੌਜੂਦ ਕਰੀਬ 800 ਬੱਚਿਆਂ ਨੂੁੰ ਵੀ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਮਨੁੱਖੀ ਅਧਿਕਾਰ ਦੇ ਭਾਈਵਾਲ ਦੇਸ਼ ਦੇ 403 ਜ਼ਿਲ੍ਹਿਆਂ ’ਚੋਂ 394 ਜ਼ਿਲ੍ਹਿਆਂ ’ਚ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ 31 ਅਗਸਤ ਤੋਂ ਪਹਿਲਾਂ ਅਮਰੀਕੀ ਫ਼ੌਜ ਦੇ ਕੂਚ ਕਰਦੇ ਹੀ ਕਿਹਾ ਸੀ, ‘ਅਫ਼ਗਾਨਿਸਤਾਨ ਨੂੰ ਗਹਿਰਾਉਂਦੇ ਮਨੁੱਖੀ ਤੇ ਆਰਥਿਕ ਸੰਕਟ ’ਚ ਇਕੱਲਾ ਛੱਡਣਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਦੇ ਜਾਣ ਨਾਲ ਮੂਲ ਸਹੂਲਤਾਂ ਬਰਬਾਦ ਹੋ ਜਾਣਗੀਆਂ।’ ਤੇ ਹੁਣ ਅਜਿਹਾ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੀ ਅੱਧੀ ਆਬਾਦੀ ਕਰੀਬ 1.8 ਕਰੋਡ਼ ਲੋਕਾਂ ਨੂੰ ਜ਼ਿੰਦਾ ਰੱਖਣ ਲਈ ਤੁਰੰਤ ਮਦਦ ਦੀ ਲੋਡ਼ ਹੈ। ਹਰ ਤਿੰਨ ਅਫ਼ਗਾਨਾਂ ’ਚੋਂ ਇਕ ਨੂੰ ਨਹੀਂ ਪਤਾ ਕਿ ਅਗਲੀ ਵਾਰੀ ਖਾਣਾ ਕਦੋਂ ਨਸੀਬ ਹੋਵੇਗਾ। ਪੰਜ ਸਾਲ ਤੋਂ ਘੱਟ ਉਮਰ ਦੇ ਅੱਧੇ ਤੋਂ ਜ਼ਿਆਦਾ ਬੱਚਿਆਂ ਦੇ ਅਗਲੇ ਸਾਲ ਤਕ ਖ਼ਤਰਨਾਕ ਪੱਧਰ ਦੇ ਕੁਪੋਸ਼ਣ ’ਚ ਪਹੁੰਚਣ ਦਾ ਖ਼ਤਰਾ ਹੈ। ਉਨ੍ਹਾਂ ਸਾਰੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਦੇ ਲੋਕਾਂ ਦੇ ਇਸ ਡੂੰਘੇ ਸੰਕਟ ’ਚ ਉਨ੍ਹਾਂ ਨੂੰ ਮਦਦ ਦੀ ਸਭ ਤੋਂ ਜ਼ਿਆਦਾ ਲੋਡ਼ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਇਸ ਸਾਲ 80 ਲੱਖ ਅਫ਼ਗਾਨਾਂ ਲਈ ਸਹਾਇਤਾ ਪਹੁੰਚਾਈ ਹੈ। ਪਿਛਲੇ ਪੰਦਰਵਾਡ਼ੇ ’ਚ ਉਨ੍ਹਾਂ ਨੂੰ ਖਾਣਾ ਤੇ ਕਰੀਬ ਹਜ਼ਾਰਾਂ ਉੱਜਡ਼ੇ ਪਰਿਵਾਰਾਂ ਨੂੰ ਰਾਹਤ ਪੈਕਜ ਦਿੱਤੇ ਗਏ ਸਨ। ਕੱਲ੍ਹ ਹੀ 12.5 ਘਨ ਟਨ ਮੈਡੀਕਲ ਸਪਲਾਈ ਭੇਜੀ ਗਈ ਹੈ।