ਗੁੱਸੇ ਤੇ ਚਿੜਚਿੜੇਪਨ ਦੇ ਵੈਸੇ ਤਾਂ ਕਈ ਕਾਰਨ ਹੋ ਸਕਦੇ ਹਨ ਪਰ ਅਗਲੀ ਵਾਰ ਜਦੋਂ ਤੁਹਾਡੇ ਸਾਹਮਣੇ ਅਜਿਹੀ ਸਥਿਤੀ ਪੈਦਾ ਹੋਵੇ ਤਾਂ ਆਪਣੀ ਭੁੱਖ ’ਤੇ ਵੀ ਗੌਰ ਕਰਨਾ ਬਿਹਤਰ ਰਹੇਗਾ। ਵੈਸੇ ਭੁੱਖ ਦੇ ਕਾਰਨ ਚਿੜਚਿੜਾਪਨ ਤੇ ਗੁੱਸੇ ਹੋਣ ਦੀ ਗੱਲ ਤਾਂ ਆਮ-ਜੀਵਨ ਵਿਚ ਵੀ ਕਾਫੀ ਪ੍ਰਚਲਿਤ ਹੈ, ਪਰ ਹੁਣ ਤਕ ਇਸ ਤੱਥ ਦਾ ਪ੍ਰਯੋਗਸ਼ਾਲਾ ਦੇ ਬਾਹਰ ਵਿਗਿਆਨਕ ਪ੍ਰੀਖਣ ਨਹੀਂ ਹੋਇਆ ਸੀ। ਬਿ੍ਟੇਨ ਸਥਿਤ ਐਂਗਲਿਆ ਰਸਿਕਨ ਯੂਨੀਵਰਸਿਟੀ (ਏਆਰਯੂ) ਅਤੇ ਆਸਟਰੀਆ ਸਥਿਤ ਕਾਰਲ ਲੈਂਡਸਟੀਨਰ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਸਿੱਖਿਆ ਮਾਹਰਾਂ ਦੀ ਅਗਵਾਈ ਵਿਚ ਹੋਏ ਇਕ ਹਾਲੀਆ ਅਧਿਐਨ ਵਿਚ ਪਾਇਆ ਗਿਆ ਕਿ ਭੁੱਖ ਕਾਰਨ ਜਿੱਥੇ ਗੁੱਸੇ ਤੇ ਚਿੜਚਿੜੇਪਨ ਵਿਚ ਵਾਧਾ ਹੁੰਦਾ ਹੈ, ਉੱਥੇ ਇਸ ਕਾਰਨ ਆਨੰਦ ਵਿਚ ਵੀ ਖਲਲ ਪੈਦਾ ਹੋ ਸਕਦਾ ਹੈ। ਅਧਿਐਨ ਵਿਚ ਯੂਰਪ ਦੇ 64 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ। 21 ਦਿਨਾਂ ਤਕ ਇਨ੍ਹਾਂ ਦੇ ਭੁੱਖ ਦੇ ਪੱਧਰ ਤੇ ਭਾਵਨਾਤਮਕ ਸਿਹਤ ਨੂੰ ਵੱਖ-ਵੱਖ ਪੈਮਾਨਿਆਂ ’ਤੇ ਮਾਪਿਆ ਗਿਆ। ਇਕ ਮੋਬਾਈਲ ਫੋਨ ਅਧਾਰਿਤ ਐਪ ਵਿਚ ਉਨ੍ਹਾਂ ਨੂੰ ਆਪਣੇ ਭੁੱਖ ਦੇ ਪੱਧਰ ਅਤੇ ਭਾਵਨਾਵਾਂ ਨੂੰ ਰੋਜ਼ਾਨਾ ਪੰਜ ਵਾਰ ਦਰਜ ਕਰਾਉਣ ਲਈ ਕਿਹਾ ਗਿਆ। ਇਸ ਦੌਰਾਨ ਖੋਜੀਆਂ ਨੇ ਪਾਇਆ ਕਿ ਭੁੱਖ ਕਾਰਨ ਚਿੜਚਿੜੇਪਨ ਵਿਚ 37 ਫ਼ੀਸਦੀ ਅਤੇ ਗੁੱਸੇ ’ਚ 34 ਫ਼ੀਸਦੀ ਵਾਧਾ ਹੋਇਆ, ਜਦਕਿ ਆਨੰਦ ਵਿਚ 38 ਫ਼ੀਸਦੀ ਦੀ ਕਮੀ ਆਈ। ਇਹੀ ਨਹੀਂ, ਭੁੱਖ ਕਾਰਨ ਨਾਕਾਰਾਤਮਕ ਭਾਵਨਾਵਾਂ ਵੀ ਪੈਦਾ ਹੋਈਆਂ। ਅਧਿਐਨ ਦੇ ਪ੍ਰਮੁੱਖ ਲੇਖਕ ਤੇ ਏਆਰਯੂ ਵਿਚ ਸਮਾਜਿਕ ਮਨੋਵਿਗਿਆਨ ਦੇ ਪ੍ਰੋਫੈਸਰ ਵੀਰੇਨ ਸਵਾਮੀ ਦੇ ਮੁਤਾਬਕ, ਆਪਣੀ ਤਰ੍ਹਾਂ ਦੇ ਇਸ ਪਹਿਲੇ ਅਧਿਐਨ ਵਿਚ ਪਾਇਆ ਗਿਆ ਕਿ ਭੁੱਖ, ਗੁੱਸੇ ਤੇ ਚਿੜਚਿੜੇਪਨ ਨੂੰ ਵਧਾਉਣ ਅਤੇ ਆਨੰਦ ਨੂੰ ਘੱਟ ਕਰਨ ਲਈ ਵੀ ਜ਼ਿੰਮੇਦਾਰ ਹੋ ਸਕਦੀ ਹੈ।